ਪੁਣੇ ’ਚ ਬੱਸ ’ਚ ਲੱਗੀ ਅੱਗ, 42 ਯਾਤਰੀ ਵਾਲ-ਵਾਲ ਬਚੇ
Tuesday, Nov 01, 2022 - 01:49 PM (IST)
ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਮੰਗਲਵਾਰ ਯਾਨੀ ਕਿ ਅੱਜ ਸੂਬਾ ਟਰਾਂਸਪੋਰਟ ਦੀ ਇਕ ਬੱਸ ’ਚ ਅੱਗ ਲੱਗ ਗਈ। ਗ਼ਨੀਮਤ ਇਹ ਰਹੀ ਕਿ ਬੱਸ ’ਚ ਸਵਾਰ 42 ਯਾਤਰੀ ਵਾਲ-ਵਾਲ ਬਚ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਘਟਨਾ ਦੇ ਸਮੇਂ ਬੱਸ ਯਵਤਮਾਲ ਤੋਂ ਪੁਣੇ ਵੱਲ ਜਾ ਰਹੀ ਸੀ। ਬੱਸ ਡਰਾਈਵਰ ਅਤੇ ਆਪਰੇਟਰ ਨੇ ਵਾਹਨ ’ਚੋਂ ਧੂੰਆਂ ਨਿਕਲਦੇ ਹੋਏ ਵੇਖਿਆ, ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਤੁਰੰਤ ਬੱਸ ਤੋਂ ਹੇਠਾਂ ਉਤਾਰ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੇ ਹੇਠਾਂ ਉਤਰਨ ਮਗਰੋਂ ਪੂਰੀ ਬੱਸ ’ਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਰਹੀ ਕਿ ਅੱਗ ਲੱਗਣ ਦੀ ਘਟਨਾ ’ਚ ਕੋਈ ਵਿਅਕਤੀ ਝੁਲਸਿਆ ਨਹੀਂ । ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਮੁਤਾਬਕ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਅੱਗ ਲੱਗਣ ਦੇ ਸਟੀਕ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ।