ਮਹਾਕੁੰਭ ​​’ਚ ਖੁੱਲ੍ਹੀ ਥਾਂ ’ਤੇ ਜੰਗਲ-ਪਾਣੀ ਜਾਣ ਨੂੰ ਲੈ ਕੇ NGT ਸਖਤ, UP ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

Sunday, Feb 23, 2025 - 04:45 PM (IST)

ਮਹਾਕੁੰਭ ​​’ਚ ਖੁੱਲ੍ਹੀ ਥਾਂ ’ਤੇ ਜੰਗਲ-ਪਾਣੀ ਜਾਣ ਨੂੰ ਲੈ ਕੇ NGT ਸਖਤ, UP ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

ਪ੍ਰਯਾਗਰਾਜ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਮਹਾਕੁੰਭ ​​’ਚ ਖੁੱਲ੍ਹੀ ਥਾਂ ’ਤੇ ਜੰਗਲ-ਪਾਣੀ ਜਾਣ ਨੂੰ ਲੈ ਕੇ ਸਖ਼ਤੀ ਵਿਖਾਈ ਹੈ।

ਐੱਨ. ਜੀ. ਟੀ. ਦੀ ਮੁੱਖ ਬੈਂਚ ਨੇ ਮਹਾਕੁੰਭ ​​ਮੇਲੇ ’ਚ ਟਾਇਲਟਾਂ ਦੀ ਸਹੂਲਤ ਦੀ ਕਮੀ ਨੂੰ ਲੈ ਕੇ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਮੇਲਾ ਅਥਾਰਟੀ ਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

ਨਿਪੁਣ ਭੂਸ਼ਣ ਵੱਲੋਂ ਮਹਾਕੁੰਭ ​​’ਚ ਖੁੱਲ੍ਹੀ ਥਾਂ ’ਤੇ ਜੰਗਲ-ਪਾਣੀ ਜਾਣ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸਥਾਨਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਖਾਨਾ ਤੇ ਪਿਸ਼ਾਬ ਸਮੇਤ ਸਾਰੀ ਗੰਦਗੀ ਨੂੰ ਸਾਫ਼ ਕਰਨ ਲਈ ਅਤਿ-ਆਧੁਨਿਕ ਬਾਇਓ-ਟਾਇਲਟਾਂ ਲਾਈਆਂ ਹਨ ਪਰ ਇਨ੍ਹਾਂ ਦੀ ਘਾਟ ਜਾਂ ਸਫ਼ਾਈ ਦੀ ਘਾਟ ਕਾਰਨ ਵਧੇਰੇ ਲੋਕ ਗੰਗਾ ਨਦੀ ਦੇ ਕੰਢੇ ਖੁੱਲ੍ਹੀ ਥਾਂ ’ਤੇ ਜੰਗਲ-ਪਾਣੀ ਜਾਣ ਲਈ ਮਜਬੂਰ ਹਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁੰਭ ਦੌਰਾਨ ਦੇਸ਼ ਦੇ ਕਰੋੜਾਂ ਲੋਕਾਂ ਨੇ ਜਿੱਥੇ ਇਸ਼ਨਾਨ ਕੀਤਾ, ਉੱਥੇ ਨਦੀ ਦੇ ਪਾਣੀ ’ਚ ਫੀਕਲ ਕੋਲੀਫਾਰਮ (ਮਨੁੱਖ ਜਾਂ ਜਾਨਵਰਾਂ ਦੇ ਮਲ ਦਾ ਮਿਸ਼ਰਣ) ਦਾ ਟੈਸਟ ਦੌਰਾਨ ਉੱਚ ਪੱਧਰ ਪਾਇਆ ਗਿਆ ਹੈ। ਐੱਨ. ਜੀ. ਟੀ. ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਕਰੇਗੀ। ਉਸ ਦਿਨ ਯੂ.ਪੀ. ਸਰਕਾਰ, ਪ੍ਰਯਾਗਰਾਜ ਮੇਲਾ ਅਥਾਰਟੀ ਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਪਣਾ ਪੱਖ ਪੇਸ਼ ਕਰਨਾ ਪਵੇਗਾ।


author

Rakesh

Content Editor

Related News