ਮਹਾਕੁੰਭ ''ਚ ਉਮੜਿਆ ਭਗਤਾਂ ਦਾ ਸੈਲਾਬ, 40 ਲੱਖ ਲੋਕਾਂ ਨੇ ਲਾਈ ਆਸਥਾ ਦੀ ਡੁੱਬਕੀ
Monday, Jan 13, 2025 - 10:26 AM (IST)
ਪ੍ਰਯਾਗਰਾਜ- ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ 'ਚੋਂ ਇਕ ਮਹਾਕੁੰਭ 2025 ਅੱਜ ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਤੋਂ ਆਏ ਸ਼ਰਧਾਲੂ ਗੰਗਾ ਵਿਚ ਆਸਥਾ ਦੀ ਡੁੱਬਕੀ ਲਾ ਰਹੇ ਹਨ। ਮੇਲਾ ਅਧਿਕਾਰੀ ਮੁਤਾਬਕ ਸਵੇਰੇ 8 ਵਜੇ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਸੰਗਮ ਅਤੇ ਗੰਗਾ ਵਿਚ ਆਸਥਾ ਦੀ ਡੁੱਬਕੀ ਲਾਈ। ਦੇਸ਼ ਅਤੇ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਪ੍ਰਯਾਗਰਾਜ 'ਚ ਗੰਗਾ ਦੇ ਕਿਨਾਰੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਪ੍ਰਸ਼ਾਸਨ ਵੱਲੋਂ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਯਾਗਰਾਜ ਮੇਲਾ ਅਥਾਰਟੀ ਨੇ ਮਹਾਕੁੰਭ ਦੀ ਵਿਸ਼ੇਸ਼ ਪਰੰਪਰਾ ਕਲਪਵਾਸ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਯੋਗੀ ਦੀ ਪ੍ਰੇਰਨਾ ਨਾਲ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ। ਗੰਗਾ ਦੇ ਕਿਨਾਰੇ ਝੁੰਸੀ ਤੋਂ ਫਾਫਾਮਾਉ ਤੱਕ ਮੇਲੇ ਦੇ ਖੇਤਰ ਵਿਚ ਕਲਪਵਾਸੀਆਂ ਲਈ ਲਗਭਗ 1.6 ਲੱਖ ਟੈਂਟ ਲਗਾਏ ਗਏ ਹਨ।
ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਪਹੁੰਚੇ ਸ਼ਰਧਾਲੂ
13 ਜਨਵਰੀ ਦੀ ਸਵੇਰ ਨੂੰ ਪ੍ਰਯਾਗਰਾਜ ਦੀ ਦੂਜੀ ਸਵੇਰ ਤੋਂ ਪੂਰੀ ਤਰ੍ਹਾਂ ਵੱਖ ਸੀ। ਸ਼ਰਧਾਲੂਆਂ ਦਾ ਸੈਲਾਬ ਗੰਗਾ ਵਿਚ ਡੁੱਬਕੀ ਲਾਉਣ ਲਈ ਅੱਗੇ ਵੱਧ ਰਿਹਾ ਹੈ। ਇਨ੍ਹਾਂ ਸ਼ਰਧਾਲੂਆਂ ਵਿਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਸਾਰੇ ਹਰ ਹਰ ਮਹਾਦੇਵ ਦਾ ਜੈਕਾਰਾ ਲਾ ਕੇ ਗੰਗਾ ਦੇ ਕਿਨਾਰੇ ਵੱਲ ਵੱਧ ਰਹੇ ਹਨ।
45 ਹਜ਼ਾਰ ਪੁਲਸ ਕਰਮੀਆਂ ਦੀ ਤਾਇਨਾਤੀ
ਸੁਰੱਖਿਆ ਦੇ ਪਹਿਲੂ ਵਿਸ਼ੇਸ਼ ਰੂਪ ਨਾਲ ਧਿਆਨ ਦਿੱਤਾ ਗਿਆ ਹੈ। ਇਸ ਵਾਰ ਦੀ ਸੁਰੱਖਿਆ ਵਿਚ 55 ਤੋਂ ਵੱਧ ਥਾਣੇ ਦੀ ਫੋਰਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਆਯੋਜਨ ਦੌਰਾਨ ਲੱਗਭਗ 45,000 ਪੁਲਸ ਮੁਲਾਜ਼ਮ ਉੱਥੇ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ। ਸੋਸ਼ਲ ਮੀਡੀਆ 'ਤੇ ਲਗਾਤਾਰ ਨਜ਼ਰ ਰੱਖਣ ਲਈ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਤਾਂ ਜੋ ਕੋਈ ਵੀ ਸ਼ਰਾਰਤ ਨਾ ਕਰ ਸਕੇ। ਜੇਕਰ ਸੋਸ਼ਲ ਮੀਡੀਆ 'ਤੇ ਕੁਝ ਵੀ ਅਣਸੁਖਾਵਾਂ ਹੋ ਰਿਹਾ ਹੈ, ਤਾਂ ਉਸ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ, ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ ਅਤੇ ਨਜਿੱਠਣਾ ਚਾਹੀਦਾ ਹੈ।
ਗੰਗਾ 'ਚ ਇਸ਼ਨਾਨ ਕਰਨ ਨਾਲ ਹਰ ਤਰ੍ਹਾਂ ਦੇ ਪਾਪ ਹੁੰਦੇ ਹਨ ਦੂਰ
ਪੌਸ਼ ਪੂਰਨਿਮਾ 'ਤੇ ਗੰਗਾ 'ਚ ਇਸ਼ਨਾਨ ਕਰਨ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਤੀਰਥ ਪੁਜਾਰੀ ਰਾਜੇਂਦਰ ਮਿਸ਼ਰਾ ਨੇ ਕਿਹਾ ਕਿ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੇ 15ਵੇਂ ਦਿਨ ਪੌਸ਼ ਪੂਰਨਿਮਾ 'ਤੇ ਗੰਗਾ 'ਚ ਇਸ਼ਨਾਨ ਕਰਨ ਨਾਲ ਹਰ ਤਰ੍ਹਾਂ ਦੇ ਪਾਪ ਦੂਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੌਸ਼ ਪੂਰਨਿਮਾ ਦੇ ਨਾਲ ਹੀ ਮਹੀਨਾ ਭਰ ਚੱਲਣ ਵਾਲਾ ਕਲਪਵਾਸ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਮੇਂ ਦੌਰਾਨ ਲੋਕ ਇਕ ਮਹੀਨੇ ਤੱਕ ਦਿਨ ਵਿਚ ਤਿੰਨ ਵਾਰ ਗੰਗਾ ਵਿਚ ਇਸ਼ਨਾਨ ਕਰਦੇ ਹਨ ਅਤੇ ਇਕ ਕਿਸਮ ਦਾ ਤਪੱਸਵੀ ਜੀਵਨ ਬਤੀਤ ਕਰਦੇ ਹਨ ਅਤੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਨੂੰ ਇਕੱਠੇ 85 ਲੱਖ ਤੋਂ ਜ਼ਿਆਦਾ ਲੋਕਾਂ ਨੇ ਗੰਗਾ 'ਚ ਇਸ਼ਨਾਨ ਕੀਤਾ ਸੀ।