''ਮਹਾਕੁੰਭ ਦੌਰਾਨ UP ਦੇ ਹਰ ਜ਼ਿਲ੍ਹੇ ਤੋਂ ਪ੍ਰਯਾਗਰਾਜ ਲਈ ਬੱਸਾਂ ਚਲਾਓ''
Saturday, Jan 11, 2025 - 04:33 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਪ੍ਰਯਾਗਰਾਜ ਲਈ ਬੱਸਾਂ ਚਲਾਉਣ ਦਾ ਨਿਰਦੇਸ਼ ਦਿੱਤਾ ਹੈ, ਤਾਂਕਿ ਮਹਾਕੁੰਭ ਦੌਰਾਨ ਸ਼ਰਧਾਲੂ ਸੰਗਮ ਵਿਚ ਇਸ਼ਨਾਨ ਕਰ ਸਕਣ। ਪ੍ਰਯਾਗਰਾਜ ਵਿਚ 13 ਜਨਵਰੀ ਤੋਂ 26 ਜਨਵਰੀ ਤੱਕ ਮਹਾਕੁੰਭ ਲਈ ਰੋਡਵੇਜ਼ ਵਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਜ਼ਿਲ੍ਹਿਆਂ ਤੋਂ ਪ੍ਰਯਾਗਰਾਜ ਲਈ ਬੱਸਾਂ ਨਾ ਸਿਰਫ਼ ਵੱਡੇ ਇਸ਼ਨਾਨ ਤਿਉਹਾਰਾਂ 'ਤੇ ਸਗੋਂ ਪੂਰੇ ਮਹਾਕੁੰਭ ਦੌਰਾਨ ਵੀ ਚਲਾਈਆਂ ਜਾਣ। ਯੋਗੀ ਨੇ ਜ਼ੋਰ ਦੇ ਕੇ ਕਿਹਾ ਕਿ ਬੱਸਾਂ ਦੀ ਸਮਾਂ ਸਾਰਣੀ ਦਾ ਵਿਆਪਕ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ ਕਿ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਨੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਇਹ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਕਿ ਉਹ ਕਿਸੇ ਕਿਸਮ ਦਾ ਨਸ਼ਾ ਨਾ ਕਰਨ। ਉਨ੍ਹਾਂ ਇਹ ਵੀ ਯਕੀਨੀ ਕਰਨ ਲਈ ਕਿਹਾ ਕਿ ਪ੍ਰਾਈਵੇਟ ਬੱਸ ਆਪਰੇਟਰ ਸ਼ਰਧਾਲੂਆਂ ਤੋਂ ਨਿਰਧਾਰਿਤ ਕਿਰਾਏ ਤੋਂ ਵੱਧ ਕਿਰਾਇਆ ਨਾ ਲੈਣ ਅਤੇ ਸਮਰੱਥਾ ਤੋਂ ਵੱਧ ਸਵਾਰੀਆਂ ਨਾ ਚੁੱਕਣ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਉੱਤਰ ਪ੍ਰਦੇਸ਼ ਰੋਡਵੇਜ਼ ਮਹਾਕੁੰਭ ਦੌਰਾਨ ਸ਼ਰਧਾਲੂਆਂ ਲਈ ਸੰਗਮ ਇਸ਼ਨਾਨ ਨੂੰ ਸੁਚਾਰੂ ਅਤੇ ਆਸਾਨ ਬਣਾਉਣ ਲਈ 7,000 ਬੱਸਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ, ਜਦਕਿ ਮੇਲਾ ਖੇਤਰ ਲਈ 550 ਸ਼ਟਲ ਬੱਸਾਂ ਚਲਾਈਆਂ ਜਾਣਗੀਆਂ।