59 ਕਰੋੜ ਪਹੁੰਚੀ ਸੰਗਮ ’ਚ ਡੁਬਕੀ ਲਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ
Friday, Feb 21, 2025 - 11:54 PM (IST)

ਮਹਾਕੁੰਭਨਗਰ/ਲਖਨਊ- ਮਹਾਕੁੰਭ 2025 ਦਾ 40ਵਾਂ ਦਿਨ ਹੈ। ਸ਼ਰਧਾਲੂਆਂ ਦਾ ਉਤਸ਼ਾਹ ਅਜੇ ਵੀ ਬਰਕਰਾਰ ਹੈ। ਸ਼ੁੱਕਰਵਾਰ ਨੂੰ 1 ਕਰੋੜ ਸ਼ਰਧਾਲੂਆਂ ਨੇ ਸੰਗਮ ’ਚ ਡੁਬਕੀ ਲਾਈ। ਮੇਲਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹੁਣ ਤੱਕ 59 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ’ਚ ਆਸਥਾ ਦੀ ਡੁਬਕੀ ਲਾ ਚੁੱਕੇ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਯਮੁਨਾ ਦੇ ਪਾਰ ਅਰੈਲ ਇਲਾਕੇ ਦੇ ਸੈਕਟਰ 25 ’ਚ ਅੱਗ ਲੱਗ ਗਈ। ਕੁਝ ਹੀ ਸਮੇਂ ’ਚ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਸੰਗਮ ’ਚ ਡੁਬਕੀ ਲਾਈ। ਉਥੇ ਹੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਵੀ ਆਪਣੇ ਪਰਿਵਾਰ ਨਾਲ ਸੰਗਮ ’ਚ ਇਸ਼ਨਾਨ ਕੀਤਾ।
ਪ੍ਰਯਾਗਰਾਜ ਪਹੁੰਚਣ ਵਾਲੀਆਂ ਗੱਡੀਆਂ ਨੂੰ ਸੰਗਮ ਤੋਂ 10 ਕਿਲੋਮੀਟਰ ਪਹਿਲਾਂ ਹੀ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦੂਰੀ ਲੋਕਾਂ ਨੂੰ ਪੈਦਲ ਹੀ ਤੈਅ ਕਰਨੀ ਪੈ ਰਹੀ ਹੈ। ਦੂਜੇ ਪਾਸੇ ਵੀ. ਆਈ. ਪੀਜ਼ ਦੀਆਂ ਗੱਡੀਆਂ ਅਰੈਲ ਘਾਟ ਤੱਕ ਜਾ ਰਹੀਆਂ ਹਨ।