ਪਾਨ ਮਸਾਲੇ ’ਤੇ ਸੈੱਸ ਲਾਉਣ ਵਾਲਾ ਬਿੱਲ ਸੰਸਦ ’ਚ ਮਨਜ਼ੂਰ
Tuesday, Dec 09, 2025 - 08:58 AM (IST)
ਨਵੀਂ ਦਿੱਲੀ- ਸੰਸਦ ਨੇ ਪਾਨ ਮਸਾਲੇ ’ਤੇ ਸੈੱਸ ਲਾਉਣ ਦੀ ਵਿਵਸਥਾ ਵਾਲੇ ਬਿੱਲ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਸਭਾ ’ਚ ‘ਸਿਹਤ ਸੁਰੱਖਿਆ ਨਾਲ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ, 2025’ ’ਤੇ ਹੋਈ ਚਰਚਾ ਦਾ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ ਇਸ ਨੂੰ ਜ਼ੁਬਾਨੀ ਵੋਟ ਨਾਲ ਲੋਕ ਸਭਾ ਨੂੰ ਵਾਪਸ ਭੇਜ ਦਿੱਤਾ ਗਿਆ। ਲੋਕ ਸਭਾ ਨੇ ਇਸ ਨੂੰ 5 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ।
ਰਾਜ ਸਭਾ ’ਚ ਚਰਚਾ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਇਸ ਬਿੱਲ ਦਾ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਵਿਵਸਥਾ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਪਾਨ ਮਸਾਲੇ ਦੀ ਖਪਤ ’ਤੇ 40 ਫ਼ੀਸਦੀ ਦਾ ਜੀ. ਐੱਸ. ਟੀ. ਬਰਕਰਾਰ ਰਹੇਗਾ। ‘ਸਿਹਤ ਸੁਰੱਖਿਆ ਨਾਲ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ, 2025’ ਪਾਨ ਮਸਾਲੇ ’ਤੇ ਲਾਏ ਜਾਣ ਵਾਲੇ ਨੁਕਸਾਨ ਪੂਰਤੀ ਸੈੱਸ ਦੀ ਜਗ੍ਹਾ ਲਵੇਗਾ। ਇਸ ਦਾ ਮਕਸਦ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸਿਹਤ ਨਾਲ ਜੁੜੇ ਖਰਚਿਆਂ ਲਈ ਵਾਧੂ ਵਸੀਲੇ ਜੁਟਾਉਣਾ ਹੈ।
