ਭਾਰਤ ’ਚ ਵੀ ਮੈਗਲੇਵ ਟਰੇਨ ਸਬੰਧੀ ਲਗਭਗ ਇਕ ਦਹਾਕੇ ਤੋਂ ਬਣ ਰਹੇ ਹਨ ਪ੍ਰਾਜੈਕਟ
Tuesday, Jul 27, 2021 - 12:10 PM (IST)
ਨਵੀਂ ਦਿੱਲੀ– ਕੀ ਤੁਸੀਂ ਕਦੇ 1400 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਸਿਰਫ ਤਿੰਨ ਘੰਟਿਆਂ ਵਿਚ ਤੈਅ ਕਰਨ ਦੀ ਕਲਪਨਾ ਕੀਤੀ ਸੀ? ਖੈਰ, ਚੀਨ ਨੇ 600 ਕਿਲੋਮੀਟਰ/ਘੰਟਾ ਦੀ ਚੋਟੀ ਦੀ ਰਫਤਾਰ ਨਾਲ ਦੁਨੀਆ ਦੀ ਸਭ ਤੋਂ ਤੇਜ਼ ਮੈਗਲੇਵ ਟਰੇਨ ਸ਼ੁਰੂ ਕਰ ਕੇ ਇਸਨੂੰ ਸੰਭਵ ਬਣਾ ਦਿੱਤਾ ਹੈ। ਬੀਤੇ ਦਿਨੀਂ ਦੁਨੀਆ ਦੀ ਇਸ ਸਭ ਤੋਂ ਤੇਜ਼ ਟਰੇਨ ਦੀ ਘੁੰਡ ਚੁਕਾਈ ਕੀਤੀ ਗਈ। ਇਸਦੀ ਰਿਕਾਰਡ ਬ੍ਰੇਕਿੰਗ ਰਫਤਾਰ ਦਾ ਮਤਲਬ ਹੈ ਕਿ ਇਹ ਪੇਈਚਿੰਗ ਅਤੇ ਸ਼ੰਘਾਈ ਵਿਚਾਲੇ ਸਿਰਫ ਢਾਈ ਘੰਟੇ ਵਿਚ 1000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਕ ਯਾਤਰਾ ਜਿਸ ਵਿਚ ਆਮਤੌਰ ’ਤੇ ਹਵਾਈ ਮਾਰਗ ਰਾਹੀਂ 3 ਘੰਟੇ ਅਤੇ ਹਾਈਸਪੀਡ ਟਰੇਨ ਰਾਹੀਂ ਸਾਢੇ 5 ਘੰਟੇ ਲਗਦੇ ਹਨ। ਚੀਨ ਨੇ ਇਸ ਕਲਪਨਾ ਨੂੰ ਸਾਕਾਰ ਕਰਨ ਵਿਚ ਲਗਭਗ 5 ਸਾਲ ਦਾ ਸਮਾਂ ਲਗਾਇਆ ਹੈ। ਹਵਾ ਨਾਲ ਗੱਲਾਂ ਕਰਨ ਵਾਲੀ ਇਸ ਟਰੇਨ ਦੇ ਪ੍ਰਾਜੈਕਟ ’ਤੇ ਚੀਨ ਨੇ 2016 ਵਿਚ ਕੰਮ ਸ਼ੁਰੂ ਕੀਤਾ ਸੀ।
ਜਿਥੋਂ ਤੱਕ ਭਾਰਤ ਵਿਚ ਮੈਗਲੇਵ ਟਰੇਨ ਚਲਾਏ ਜਾਣ ਦੀ ਗੱਲ ਹੈ ਤਾਂ ਇਸ ’ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਵਿਚਾਰ ਸ਼ੁਰੂ ਹੋਇਆ। ਓਦੋਂ ਮਮਤਾ ਬੈਨਰਜੀ ਕੇਂਦਰੀ ਰੇਲ ਮੰਤਰੀ ਸਨ ਅਤੇ ਮੈਗਲੇਵ ਟਰੇਨ ਨੂੰ ਮੁੰਬਈ ਅਤੇ ਪੁਣੇ ਵਿਚਾਲੇ ਚਲਾਏ ਜਾਣ ਦੀ ਯੋਜਨਾ ਸੀ। ਇਕ ਅਮਰੀਕੀ ਕੰਪਨੀ ਨੇ 3000 ਕਰੋੜ ਡਾਲਰ ਦੇ ਇਸ ਪ੍ਰਾਜੈਕਟ ਦੀ ਪੇਸ਼ਕਸ਼ ਕੀਤੀ ਸੀ। ਓਦੋਂ ਮਹਾਰਾਸ਼ਟਰ ਸਰਕਾਰ ਨੇ ਇਸ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਇਸ ਪ੍ਰਾਜੈਕਟ ਨੂੰ ਨਾਗਪੁਰ ਨਾਲ ਜੋੜੇ ਜਾਣ ਦਾ ਪ੍ਰਸਤਾਵ ਵੀ ਰੱਖਿਆ ਸੀ।
ਫਿਲਹਾਲ ਭਾਰਤ ਵਿਚ ਮੈਗਲੇਵ ਟਰੇਨ ਕਦੋਂ ਦੌੜੇਗੀ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਭਾਰਤੀ ਰੇਲਵੇ ਨੇ ਮੈਗਲੇਵ ਟਰੇਨ ਲਈ 2016 ਵਿਚ ਗਲੋਬਲ ਟੈਂਡਰ ਲਗਾਏ ਸਨ ਅਤੇ 3 ਵਿਦੇਸ਼ੀ ਕੰਪਨੀਂ ਨੇ ਦਿਲਚਸਪੀ ਦਿਖਾਈ ਸੀ। ਇਸ ਵਿਚ 2 ਅਮਰੀਕੀ ਅਤੇ ਇਕ ਜਾਪਾਨੀ ਕੰਪਨੀ ਸੀ। ਇਸੇ ਤਰ੍ਹਾਂ ਬੀਤੇ ਸਾਲ ਸਰਕਾਰੀ ਇੰਜੀਨੀਅਰਿੰਗ ਕੰਪਨੀ ਬੀ. ਐੱਚ. ਈ. ਐੱਲ. ਨੇ ਇਸ ਟਰੇਨ ਨੂੰ ਭਾਰਤ ਲਿਆਉਣ ਲਈ ਸਵਿਟਜ਼ਰਲੈਂਡ ਦੀ ਕੰਪਨੀ ਸਵਿਸ ਰੈਪਿਡ ਏ. ਜੀ. ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੂੰ ਮੈਗਲੇਵ ਰੇਲ ਪ੍ਰਾਜੈਕਟ ਵਿਚ ਮੁਹਾਰਤਾ ਹਾਸਲ ਹੈ। ਜ਼ਿਕਰਯੋਗ ਹੈ ਕਿ ਬੀ. ਐੱਚ. ਈ. ਐੱਲ. ਪਿਛਲੇ 5 ਦਹਾਕਿਆਂ ਤੋਂ ਰੇਲਵੇ ਦੇ ਵਿਕਾਸ ਵਿਚ ਭਾਈਵਾਲ ਹੈ।
ਰਾਜਾ ਰਾਮੰਨਾ ਪ੍ਰਗਤ ਟੈਕਨਾਲੌਜੀ ਕੇਂਦਰ ਵਿਚ ਮੈਗਲੇਵ ਟਰੇਨ ’ਤੇ ਖੋਜ
ਜ਼ਿਕਰਯੋਗ ਹੈ ਕਿ ਰਾਜਾ ਰਾਮੰਨਾ ਐਡਵਾਂਸਡ ਟੈਕਨਾਲੌਜੀ ਕੇਂਦਰ ਵਿਚ ਮੈਗਲੇਵ ਟਰੇਨ ’ਤੇ ਖੋਜ ਚਲ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਤਕਨੀਕ ਦੇ ਮਾਮਲੇ ਵਿਚ ਵੀ ਚੀਨ ਅਤੇ ਜਾਪਾਨ ਪਿੱਛੇ ਛੱਡ ਦੇਵੇਗਾ ਅਤੇ ਸਾਡੇ ਦੇਸ਼ ਵਿਚ ਵੀ ਉੱਡਣ ਵਾਲੀ ਟਰੇਨ ਆ ਸਕਦੀ ਹੈ। ਇੰਦੌਰ ਸਥਿਰ ਆਰ. ਆਰ. ਕੈਟ ਦੇ ਵਿਗਿਆਨੀਆਂ ਨੇ ਹਵਾ ਵਿਚ ਚੱਲਣ ਵਾਲੀ ਮੈਗਲੇਵ ਟਰੇਨ ਦਾ ਪ੍ਰੋਟੋਟਾਈਪ ਤਿਆਰ ਕਰ ਲਿਆ ਹੈ। ਹਵਾ ਵਿਚ ਚੱਲਣ ਵਾਲੀ ਇਸ ਟਰੇਨ ਦੀ ਤਕਨੀਕ ਅਜੇ ਤੱਕ ਸਿਰਫ ਚੀਨ ਅਤੇ ਜਾਪਾਨ ਕੋਲ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਟਰੇਨ 800 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ।
ਚੀਨ ਦੀ ਮੈਗਲੇਵ ਟਰੇਨ ਦੀਆਂ ਖਾਸ ਗੱਲਾਂ
-ਚੀਨ ਮੀਡੀਆ ਮੁਤਾਬਕ, ਸ਼ੇਡੋਂਗ ਸੂਬੇ ਦੇ ਤੱਟੀ ਸ਼ਹਿਰ ਕਿੰਗਦਾਓ ਵਿਚ ਚੀਨ ਵਲੋਂ ਟਰੇਨ ਨੂੰ ਸਵੈ-ਵਿਕਸਿਤ ਕੀਤੀ ਗਈ ਹੈ।
-ਮੈਗਲੇਵ ਟਰੇਨ ਨਿਯਮਿਤ ਟਰੇਨਾਂ ਵਾਂਗ ਪਹੀਏ ਜਾਂ ਰਵਾਇਤੀ ਟਰੈਕ ਦੀ ਵਰਤੋਂ ਨਹੀਂ ਕਰਦੀਆਂ ਹਨ। ਇਲੈਕਟ੍ਰੋਮੈਗਨੇਟਿਕ ਫੀਲਡ ਤਿਆਰ ਹੋਣ ’ਤੇ ਟਰੈਕ ਤੋਂ ਉੱਪਰ ਉਠ ਜਾਂਦੀ ਹੈ ਅਤੇ ਹਵਾ ਵਿਚ ਤੈਰਦੇ ਹੋਏ ਅੱਗੇ ਵਧਦੀ ਹੈ।
-ਇਹ ਟਰੇਨ ਆਮ ਟਰੇਨਾਂ ਦੇ ਮੁਕਾਬਲੇ ਜ਼ਿਆਦਾ ਕੁਸ਼ਲ ਹੈ ਕਿਉਂਕਿ ਇਹ ਬਰੇਕ ਲਗਾਉਣ ਜਾਂ ਤੇਜ਼ ਕਰਨ ਲਈ ਰਗੜਨ (ਫ੍ਰਿਕਸ਼ਨ) ’ਤੇ ਨਿਰਭਰ ਨਹੀਂ ਕਰਦੀ ਹੈ।
-ਮੈਗਲੇਵ ਟਰੇਨਾਂ ਬਹੁਤ ਮਹਿੰਗੀਆਂ ਹਨ। ਹੁਣ ਤੱਕ ਸਿਰਫ ਫਰਾਂਸ, ਜਾਪਾਨ, ਸਪੇਨ, ਦੱਖਣੀ ਕੋਰੀਆ ਅਤੇ ਚੀਨ ਵਰਗੇ ਦੇਸ਼ ਹੀ ਅਜਿਹੀ ਟਰਾਂਸਪੋਰਟ ਪ੍ਰਣਾਲੀਆਂ ਦੀ ਵਰਤੋਂ ਕਰਦੇ ਹਨ।
-ਅਜੇ ਤੱਕ ਸ਼ੰਘਾਈ ਵਿਚ ਹਵਾਈ ਅੱਡੇ ਅਤੇ ਸ਼ਹਿਰ ਵਿਚਾਲੇ ਚੱਲਣ ਵਾਲੀ ਇਕ ਛੋਟੀ ਮੈਗਲੇਵ ਲਾਈਨ ਹੈ।
-ਚੀਨੀ ਮੀਡੀਆ ਦੇ ਮੁਤਾਬਕ ਮੈਗਲੇਵ ਟਰੇਨਾਂ ਚੀਨ ਦੀਆਂ ਮੌਜੂਦਾ ਹਾਈ ਸਪੀਡ ਟਰੇਨਾਂ (ਰਫਤਾਰ 350 ਕਿਲੋਮੀਟਰ/ਘੰਟਾ) ਅਤੇ ਹਵਾਈ ਜਹਾਜ਼ (ਰਫਤਾਰ 800 ਕਿ.ਮੀ./ਘੰਟਾ) ਵਿਚਾਲੇ ਰਫਤਾਰ ਦੇ ਫਰਕ ਨੂੰ ਭਰਨ ਵਿਚ ਮਦਦ ਕਰਨਗੀਆਂ।
-ਟਰੇਨ ਵਿਚ ਵਾਈ-ਫਾਈ ਅਤੇ ਵਾਇਰਲੈੱਸ ਚਾਰਜਿੰਗ ਦੀ ਵੀ ਸਹੂਲਤ ਹੈ।