ਬਿਨਾਂ ਲਾਅ ਡਿਗਰੀ ਦੇ 21 ਸਾਲ ਬਣਿਆ ਰਿਹਾ ਮੈਜਿਸਟਰੇਟ, ਹੁਣ ਲੈ ਰਿਹਾ ਪੈਨਸ਼ਨ
Sunday, Nov 26, 2017 - 12:01 PM (IST)

ਤਾਮਿਲਨਾਡੂ— ਜੁਡਿਸ਼ਰੀ ਸਿਸਟਮ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਾਮਿਲਨਾਡੂ 'ਚ ਇਕ ਵਿਅਕਤੀ ਲਾਅ ਡਿਗਰੀ ਦੇ ਬਿਨਾਂ ਹੀ ਕਰੀਬ 21 ਸਾਲ ਤੱਕ ਜ਼ੂਡੀਸ਼ੀਅਲ ਮੈਜਿਸਟਰੇਟ ਦੇ ਅਹੁਦੇ 'ਤੇ ਤਾਇਨਾਤ ਰਿਹਾ। ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ ਸ਼ੱਕ ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਦੋਸ਼ੀ ਮੈਜਿਸਟਰੇਟ ਦੀ ਡਿਗਰੀ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ।
ਤਾਮਿਲਨਾਡੂ ਬਾਰ ਕਾਊਂਸਿਲ ਨੇ ਬਿਠਾਈ ਜਾਂਚ
ਹੁਣ ਬਾਰ ਕਾਊਂਸਿਲ ਆਫ ਤਾਮਿਲਨਾਡੂ ਨੇ ਦੋਸ਼ੀ ਮਦੁਰੈ ਦੇ ਸਾਬਕਾ ਮੈਜਿਸਟਰੇਟ ਪੀ. ਨਟਰਾਜਨ ਦੇ ਖਿਲਾਫ ਜਾਂਚ ਦਲ ਗਠਨ ਕਰ ਦਿੱਤਾ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਦੋਸ਼ੀ ਜੱਜ ਹੁਣ ਪੈਨਸ਼ਨ ਨਹੀਂ ਲੈ ਰਿਹਾ ਹੈ ਅਤੇ ਮੌਜੂਦਾ ਸਮੇਂ 'ਚ ਇਕ ਵਕੀਲ ਦੇ ਰੂਪ 'ਚ ਪ੍ਰੈਕਟਿਸ ਕਰ ਰਿਹਾ ਹੈ। ਉੱਥੇ ਹੀ ਬਾਰ ਕਾਊਂਸਿਲ ਨੇ ਨਟਰਾਜਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਕਿ ਕਿਉਂ ਨਾ ਉਨ੍ਹਾਂ ਦੇ ਵਕਾਲਤ ਦੇ ਰਜਿਸਟਰੇਸ਼ਨ ਨੂੰ ਰੱਦ ਕਰ ਦਿੱਤਾ ਜਾਵੇ। ਦੂਜੇ ਪਾਸੇ ਪੀ. ਨਟਰਾਜਨ ਨੇ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ,''ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਗਲਤ ਹੋਵੇਗਾ। ਖਾਸ ਤੌਰ 'ਤੇ ਉਦੋਂ ਜਦੋਂ ਮੈਂ 20 ਸਾਲ ਨਿਆਇਕ ਸੇਵਾ 'ਚ ਬਿਤਾਏ ਹਨ।''
ਕਾਨਵੋਕੇਸ਼ਨ ਦੌਰਾਨ ਨਹੀਂ ਦਿੱਤੀ ਜਾਣਕਾਰੀ
ਆਪਣੇ ਜਵਾਬ 'ਚ ਨਟਰਾਜਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਮੈਸੂਰ ਯੂਨੀਵਰਸਿਟੀ ਨਾਲ ਜੁੜੇ ਸਾਰਦਾ ਲਾਅ ਕਾਲਜ ਤੋਂ ਬੀ.ਜੀ.ਐੱਲ. ਦਾ ਕੋਰਸ ਕੀਤਾ ਸੀ। ਇਹ ਕੋਰਸ 2 ਸਾਲ ਦਾ ਸੀ। ਜੋ ਉਨ੍ਹਾਂ ਨੇ ਡਿਸਟੈਂਸ ਨਾਲ ਕੀਤਾ। ਨਾਲ ਉਨ੍ਹਾਂ ਨੇ ਦੱਸਿਆ ਕਿ ਕਾਨਵੋਕੇਸ਼ਨ ਦੌਰਾਨ ਇਹ ਨਹੀਂ ਦੱਸਿਆ ਗਿਆ ਕਿ ਇਸ ਡਿਗਰੀ ਦੀ ਵਰਤੋਂ ਸਿਰਫ ਅਕਾਦਮਿਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਰੋਜ਼ਗਾਰ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।
1982 'ਚ ਜ਼ੂਡੀਸ਼ੀਅਲ ਮੈਜਿਸਟਰੇਟ ਦਾ ਮਿਲਿਆ ਅਹੁਦਾ
ਜ਼ਿਕਰਯੋਗ ਹੈ ਕਿ ਪੀ. ਨਟਰਾਜਨ ਨੇ ਸਾਲ 1975 ਤੋਂ 1978 ਦਰਮਿਆਨ ਸ਼ਾਰਦਾ ਲਾਅ ਕਾਲਜ ਤੋਂ ਬੈਚਲਰ ਆਫ ਜਨਰਲ ਲਾਅ ਦੀ ਡਿਗਰੀ ਲਈ ਸੀ। ਇਸ ਦੌਰਾਨ ਉਹ ਸ਼ੁਰੂਆਤੀ 2 ਸਾਲ ਡਿਸਟੈਂਸ ਸਿੱਖਿਆ ਹੀ ਲੈਂਦੇ ਰਹੇ। ਡਿਗਰੀ ਦੇ ਆਖਰੀ ਸਾਲ (ਤੀਜੇ ਸਾਲ) 'ਚ ਉਨ੍ਹਾਂ ਨੇ ਕਲਾਸੇਜ਼ ਅਟੈਂਡ ਕੀਤੀਆਂ। ਇਸ ਤੋਂ ਬਾਅਦ 15 ਫਰਵਰੀ 1982 ਨੂੰ ਨਟਰਾਜਨ ਨੂੰ ਜ਼ੂਡੀਸ਼ਲ ਮੈਜਿਸਟਰੇਟ ਦੇ ਤੌਰ 'ਤੇ ਚੁਣਿਆ ਗਿਆ ਸੀ। 21 ਸਾਲ ਤੱਕ ਨੌਕਰੀ ਕਰਨ ਤੋਂ ਬਾਅਦ ਉਹ 30 ਜੂਨ 2003 ਨੂੰ ਆਪਣੇ ਅਹੁਦੇ ਤੋਂ ਰਿਟਾਇਰ ਹੋ ਗਏ।