ਪ੍ਰਯਾਗਰਾਜ 'ਚ ਸ਼ੁਰੂ ਹੋਇਆ 'ਪਵਿੱਤਰ ਮਾਘ ਮੇਲਾ', ਸ਼ਰਧਾਲੂਆਂ ਨੇ ਲਗਾਈ ਆਸਥਾ ਦੀ ਡੁੱਬਕੀ

01/10/2020 11:41:31 AM

ਪ੍ਰਯਾਗਰਾਜ—ਅੱਜ ਪਵਿੱਤਰ ਨਗਰੀ ਪ੍ਰਯਾਗਰਾਜ 'ਚ ਮਾਘ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਪੋਹ ਪੂਰਨਮਾਸ਼ੀ ਦੇ ਤਿਉਹਾਰ 'ਤੇ ਲਗਭਗ 40 ਲੱਖ ਸ਼ਰਧਾਲੂ ਇੱਥੇ ਪਹੁੰਚਣ ਦੀ ਉਮੀਦ ਹੈ। ਪ੍ਰਸ਼ਾਸਨ ਨੇ ਮੇਲੇ ਨੂੰ ਦੇਖਦੇ ਹੋਏ ਸੁਰੱਖਿਆ ਸਬੰਧੀ ਸਾਰੇ ਇੰਤਜ਼ਾਮ ਕੀਤੇ ਗਏ ਹਨ। ਇਹ ਮਾਘ ਮੇਲਾ ਅੱਜ ਭਾਵ 10 ਜਨਵਰੀ 2020 ਤੋਂ ਸ਼ੁਰੂ ਹੋ ਕੇ 21 ਫਰਵਰੀ ਮਹਾਸ਼ਿਵਰਾਤਰੀ ਦੇ ਤਿਉਹਾਰ ਤੱਕ ਚੱਲੇਗਾ।

PunjabKesari

ਦੱਸਣਯੋਗ ਹੈ ਕਿ ਮੇਲੇ ਦਾ ਪਹਿਲਾ ਇਸ਼ਨਾਨ ਅੱਜ ਭਾਵ ਸ਼ੁੱਕਰਵਾਰ ਹੈ ਜਦਕਿ ਦੂਜਾ ਪਵਿੱਤਰ ਇਸ਼ਨਾਨ ਮਕਰ ਸੰਗਰਾਂਦ ਦੇ ਦਿਨ ਹੋਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਕਰ ਸੰਗਰਾਂਦ ਕਾਰਨ ਇੱਥੇ ਉਸ ਦਿਨ ਲਗਭਗ 90 ਲੱਖ ਸ਼ਰਧਾਲੂ ਪਹੁੰਚ ਸਕਦੇ ਹਨ। ਇਸ ਮਾਘ ਮੇਲੇ ਦਾ ਤੀਜਾ ਪਵਿੱਤਰ ਇਸ਼ਨਾਨ ਮੌਨੀ ਮੱਸਿਆ 24 ਜਨਵਰੀ ਨੂੰ ਹੋਵੇਗਾ। ਬਸੰਤ ਪੰਚਮੀ (30 ਜਨਵਰੀ) ਨੂੰ ਚੌਥਾ ਇਸ਼ਨਾਨ ਹੋਵੇਗਾ ਜਦਕਿ ਪੰਜਵਾਂ ਇਸ਼ਨਾਨ ਮਾਘ ਪੁੰਨਿਆ (9 ਫਰਵਰੀ) ਦੇ ਦਿਨ ਹੋਵੇਗਾ। ਆਖਰੀ ਭਾਵ ਛੇਵਾਂ ਇਸ਼ਨਾਨ ਮਹਾਸ਼ਿਵਰਾਤਰੀ (21 ਫਰਵਰੀ) ਦੇ ਦਿਨ ਹੋਵੇਗਾ, ਜਿਸ 'ਚ 15 ਤੋਂ 20 ਲੱਖ ਲੋਕ ਸੰਗਮ ਘਾਟ 'ਚ ਇਸ਼ਨਾਨ ਕਰਨ ਲਈ ਆ ਸਕਦੇ ਹਨ।  

PunjabKesari

ਮਾਘ ਮੇਲੇ ਦੀ ਭੀੜ ਨੂੰ ਦੇਖਦੇ ਹੋਏ ਸ਼ਹਿਰ 'ਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਜਦਕਿ ਭਾਰੀ ਵਾਹਨਾਂ ਦੇ ਰੂਟਾਂ 'ਚ ਬਦਲਾਅ ਵੀ ਕੀਤਾ ਗਿਆ ਹੈ। ਦਿਨ ਦੇ ਸਮੇਂ ਭਾਰੀ ਵਾਹਨਾਂ ਦੇ ਸ਼ਹਿਰ 'ਚ ਦਾਖਲ ਹੋਣ 'ਤੇ ਰੋਕ ਲਗਾਈ ਗਈ ਹੈ। ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਮੇਲੇ ਅਤੇ ਪੁਲਸ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਹੋਣ ਦਾ ਦਾਅਵਾ ਕੀਤਾ ਹੈ। ਮੇਲੇ ਦੇ ਲਈ ਇਸ ਵਾਰ 5 ਕਿਲੋਮੀਟਰ ਲੰਬਾ ਘਾਟ ਬਣਾਇਆ ਗਿਆ ਹੈ। ਸ਼ਰਧਾਲੂਆਂ ਦੇ ਇਸ਼ਨਾਨ ਦੇ ਲਈ 6 ਘਾਟਾਂ 'ਤੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਮਾਘ ਮੇਲੇ ਨੂੰ 3 ਜ਼ੋਨ ਅਤੇ 6 ਸੈਕਟਰਾਂ 'ਚ ਵੰਡਿਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਮੇਲੇ 'ਚ 13 ਥਾਣੇ, 38 ਚੌਕੀਆਂ ਅਤੇ 13 ਫਾਇਰ ਸਟੇਸ਼ਨ ਬਣਾਏ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਏ.ਟੀ.ਐੱਸ ਅਤੇ ਐੱਸ.ਟੀ.ਐੱਫ ਦੀਆਂ ਟੀਮਾਂ ਵੀ ਤਾਇਨਾਤ ਰਹਿਣਗੀਆਂ। ਮੇਲੇ ਦੀ ਹਰ ਗਤੀਵਿਧੀ 'ਤੇ 200 ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ।


Iqbalkaur

Content Editor

Related News