ਜਬਰ ਜ਼ਿਨਾਹ ਦੇ ਦੋਸ਼ੀ 'ਤੇ ਚਾਕੂ ਨਾਲ ਕੀਤੇ 25 ਵਾਰ, ਥਾਣੇ ਫ਼ੋਨ ਕਰਕੇ ਕੀਤਾ ਹੈਰਾਨੀਜਨਕ ਖ਼ੁਲਾਸਾ

Saturday, Oct 17, 2020 - 10:00 AM (IST)

ਜਬਰ ਜ਼ਿਨਾਹ ਦੇ ਦੋਸ਼ੀ 'ਤੇ ਚਾਕੂ ਨਾਲ ਕੀਤੇ 25 ਵਾਰ, ਥਾਣੇ ਫ਼ੋਨ ਕਰਕੇ ਕੀਤਾ ਹੈਰਾਨੀਜਨਕ ਖ਼ੁਲਾਸਾ

ਭੋਪਾਲ- ਮੱਧ ਪ੍ਰਦੇਸ਼ 'ਚ ਇਕ ਜਨਾਨੀ ਨੇ ਆਪਣੇ ਨਾਲ ਹੋ ਰਹੇ ਜਬਰ ਜ਼ਿਨਾਹ ਅਤੇ ਬਲੈਕਮੇਲਿੰਗ ਤੋਂ ਤੰਗ ਆ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਜਨਾਨੀ ਦੋਸ਼ੀ ਤੋਂ ਇੰਨੀ ਤੰਗ ਆ ਗਈ ਸੀ ਕਿ ਉਸ ਨੇ ਉਸ 'ਤੇ 25 ਵਾਰ ਚਾਕੂ ਨਾਲ ਵਾਰ ਕੀਤੇ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੀ ਹੈ। ਇੱਥੇ ਇਕ ਜਨਾਨੀ ਨੇ ਚਾਕੂ ਨਾਲ 25 ਵਾਰ ਕਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਜਨਾਨੀ ਦਾ ਦੋਸ਼ ਹੈ ਕਿ ਨੌਜਵਾਨ ਸਾਲ 2005 ਤੋਂ ਉਸ ਨਾਲ ਲਗਾਤਾਰ ਜਬਰ ਜ਼ਿਨਾਹ ਕਰ ਰਿਹਾ ਸੀ। ਉਸ ਸਮੇਂ ਉਹ ਨਾਬਾਲਗ ਹੀ ਸੀ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਮ੍ਰਿਤਕ ਨੌਜਵਾਨ ਦਾ ਨਾਂ ਬ੍ਰਿਜਭੂਸ਼ਣ ਸ਼ਰਮਾ ਹੈ। ਜੋ ਅਸ਼ੋਕਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਦੋਸ਼ੀ ਜਨਾਨੀ ਵੀ ਅਸ਼ੋਕਨਗਰ ਦੀ ਹੀ ਰਹਿਣ ਵਾਲੀ ਹੈ।

16 ਸਾਲ ਦੀ ਉਮਰ ਤੋਂ ਕਰ ਰਿਹਾ ਸੀ ਜਬਰ ਜ਼ਿਨਾਹ
ਜਨਾਨੀ ਅਨੁਸਾਰ ਜਦੋਂ ਉਹ 16 ਸਾਲ ਦੀ ਸੀ ਤਾਂ ਬ੍ਰਿਜਭੂਸ਼ਣ ਸ਼ਰਮਾ ਨੇ ਉਸ ਨਾਲ ਸਰੀਰਕ ਸੰਬੰਧ ਬਣਾਏ ਸਨ। ਇਸ ਤੋਂ ਬਾਅਦ ਕਈ ਵਾਰ ਨੌਜਵਾਨ ਨੇ ਡਰਾ-ਧਮਕਾ ਕੇ ਉਸ ਨਾਲ ਜ਼ਬਰਦਸਤੀ ਕੀਤੀ। ਆਖਰਕਾਰ ਜਨਾਨੀ ਨੇ ਇਕ ਅਧਿਆਪਕ ਨਾਲ ਵਿਆਹ ਕਰਵਾ ਲਿਆ ਤਾਂ ਕਿ ਬ੍ਰਿਜਭੂਸ਼ਣ ਤੋਂ ਉਸ ਦਾ ਪਿੱਛਾ ਛੁੱਟ ਜਾਵੇ। ਵਿਆਹ ਤੋਂ ਬਾਅਦ ਜਨਾਨੀ ਦੀ ਇਕ ਧੀ ਵੀ ਹੋਈ ਪਰ ਇਸ ਤੋਂ ਬਾਅਦ ਵੀ ਬ੍ਰਿਜਭੂਸ਼ਣ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਵਾਰਦਾਤ ਦੀ ਰਾਤ ਜਦੋਂ ਜਨਾਨੀ ਘਰ 'ਚ ਇਕੱਲੀ ਸੀ ਤਾਂ ਰਾਤ ਨੂੰ ਬ੍ਰਿਜਭੂਸ਼ਣ ਉਸ ਦੇ ਘਰ ਆ ਗਿਆ। ਨੌਜਵਾਨ ਨਸ਼ੇ 'ਚ ਸੀ ਅਤੇ ਉਸ ਨੇ ਜਨਾਨੀ ਨਾਲ ਫਿਰ ਜ਼ਬਰਦਸਤੀ ਕੀਤੀ। ਇਸ ਵਾਰ ਜਨਾਨੀ ਨੇ ਗੁੱਸੇ 'ਚ ਆ ਕੇ ਨੌਜਵਾਨ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਜਨਾਨੀ ਨੌਜਵਾਨ ਨੂੰ ਉਦੋਂ ਤੱਕ ਚਾਕੂ ਮਾਰਦੀ ਰਹੀ, ਜਦੋਂ ਤੱਕ ਉਸ ਦੀ ਜਾਨ ਨਹੀਂ ਨਿਕਲ ਗਈ। ਜਨਾਨੀ ਨੇ ਚਾਕੂ ਨਾਲ ਇੰਨੇ ਵਾਰ ਕੀਤੇ ਕਿ ਬ੍ਰਿਜਭੂਸ਼ਣ ਸ਼ਰਮਾ ਦੇ ਸਰੀਰ 'ਤੇ ਕਾਫ਼ੀ ਡੂੰਘੇ ਜ਼ਖਮ ਹੋ ਗਏ। ਨੌਜਵਾਨ ਨਸ਼ੇ ਸੀ, ਜਿਸ ਕਾਰਨ ਜ਼ਿਆਦਾ ਵਿਰੋਧ ਨਹੀਂ ਕਰ ਸਕਿਆ ਅਤੇ ਦਮ ਤੋੜ ਦਿੱਤਾ।

ਪੁਲਸ ਨੂੰ ਫੋਨ ਕਰ ਕਬੂਲਿਆ ਜ਼ੁਰਮ
ਨੌਜਵਾਨ ਦੇ ਕਤਲ ਤੋਂ ਬਾਅਦ ਜਨਾਨੀ ਨੇ ਹੀ ਪੁਲਸ ਨੂੰ ਫੋਨ ਕੀਤਾ ਅਤੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜਨਾਨੀ ਦੇ ਫੋਨ ਤੋਂ ਬਾਅਦ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉੱਥੇ ਬ੍ਰਿਜਭੂਸ਼ਣ ਦੀ ਲਾਸ਼ ਨੰਗੀ ਹਾਲਤ 'ਚ ਮਿਲੀ। ਉਸ ਦੇ ਸਰੀਰ 'ਚੋਂ ਕਈ ਥਾਂਵਾਂ ਤੋਂ ਖੂਨ ਨਿਕਲ ਰਿਹਾ ਸੀ। ਪੁਲਸ ਨੂੰ ਕੋਲ ਹੀ ਇਕ ਤੇਜ਼ਧਾਰ ਚਾਕੂ ਵੀ ਮਿਲਿਆ ਹੈ। ਜਨਾਨੀ ਨੇ ਦੱਸਿਆ ਕਿ ਇਸੇ ਚਾਕੂ ਨਾਲ ਉਸ ਨੇ ਕਤਲ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਸ ਨੇ ਜਨਾਨੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ।


author

DIsha

Content Editor

Related News