ਵਿਆਹ ਸਮਾਰੋਹ ''ਚ ਸ਼ਾਮਲ ਹੋਇਆ ਕੋਰੋਨਾ ਪੀੜਤ ਵਿਅਕਤੀ, 86 ਲੋਕਾਂ ਨੂੰ ਕੀਤਾ ਗਿਆ ਕੁਆਰੰਟੀਨ

Tuesday, Jun 16, 2020 - 04:59 PM (IST)

ਛੱਤਰਪੁਰ- ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 80 ਕਿਲੋਮੀਟਰ ਦੂਰ ਇਕ ਪਿੰਡ 'ਚ ਇਕ ਕੋਰੋਨਾ ਵਾਇਰਸ ਪੀੜਤ ਵਿਅਕਤੀ ਵਿਆਹ ਸਮਾਰੋਹ 'ਚ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਪ੍ਰੋਗਰਾਮ 'ਚ ਸ਼ਾਮਲ 86 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਿਮਾਂਸ਼ੂ ਚੰਦਰ ਨੇ ਮੰਗਲਵਾਰ ਨੂੰ ਦੱਸਿਆ ਕਿ ਪੀੜਤ ਵਿਅਕਤੀ ਨੇ 14 ਜੂਨ ਨੂੰ ਆਪਣੇ ਰਿਸ਼ਤੇਦਾਰ ਦੇ ਇਸ ਵਿਆਹ 'ਚ ਰਸੋਈਏ ਦਾ ਸਹਿਯੋਗ ਵੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਵਿਅਕਤੀ 3-4 ਦਿਨ ਪਹਿਲਾਂ ਹਰਿਆਣਾ ਦੇ ਗੁਰੂਗ੍ਰਾਮ ਤੋਂ ਬੜਾਮਲਹਰਾ ਤਹਿਸੀਲ ਦੇ ਅਧੀਨ ਮਦਨੀਬਾਰ ਪਿੰਡ ਆਇਆ ਸੀ। ਉਸੇ ਦਿਨ ਉਸ ਦਾ ਨਮੂਨਾ ਲਿਆ ਗਿਆ ਸੀ ਅਤੇ ਉਸ ਨੂੰ ਘਰ 'ਚ ਹੀ ਕੁਆਰੰਟੀਨ ਰਹਿਣ ਲਈ ਕਿਹਾ ਗਿਆ ਹੈ।

ਚੰਦਰ ਨੇ ਕਿਹਾ ਕਿ ਜਦੋਂ ਉਸ ਦੀ ਖੋਜ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੋਲ ਦੇ ਹੀ ਬੰਧਾ ਚੰਦੌਲੀ ਪਿੰਡ 'ਚ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਮਲਾ ਤੁਰੰਤ ਉਸ ਪਿੰਡ 'ਚ ਪਹੁੰਚਿਆ ਅਤੇ ਦੇਖਿਆ ਕਿ ਉਹ ਆਪਣੇ ਇਕ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੈ। ਚੰਦਰ ਨੇ ਦੱਸਿਆ ਕਿ ਉਸ ਨੂੰ 14 ਜੂਨ ਦੀ ਰਾਤ ਨੂੰ ਹੀ ਛੱਤਰਪੁਰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ, ਇਸ ਲਈ ਵਿਆਹ ਨਹੀਂ ਰੁਕਵਾਇਆ ਗਿਆ। ਸਗੋਂ ਦੋਹਾਂ ਪੱਖਾਂ ਦੇ ਕੁਝ ਲੋਕਾਂ ਦੀ ਮੌਜੂਦਗੀ 'ਚ ਵਿਆਹ ਦੀ ਰਸਮਾਂ ਪੂਰੀਆਂ ਕਰਵਾਈਆਂ ਗਈਆਂ। ਉਸ ਤੋਂ ਬਾਅਦ ਦੋਹਾਂ ਪੱਖਾਂ ਦੇ 86 ਲੋਕਾਂ ਨੂੰ ਲੱਭ ਕੇ ਕੁਆਰੰਟੀਨ ਕਰ ਦਿੱਤਾ ਗਿਆ ਹੈ।


DIsha

Content Editor

Related News