ਸਕੂਲ ਦੇ ਮੰਦੇ ਹਾਲ! ਪ੍ਰੀਖਿਆ ’ਚ ਕਰੀਨਾ ਕਪੂਰ ਦੇ ਪੁੱਤਰ ਬਾਰੇ ਪੁੱਛਿਆ ਗਿਆ ਸਵਾਲ
Saturday, Dec 25, 2021 - 03:44 PM (IST)
ਖੰਡਵਾ (ਭਾਸ਼ਾ)— ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਇਕ ਪ੍ਰਾਈਵੇਟ ਸਕੂਲ ਵਿਚ ਜਮਾਤ 6ਵੀਂ ਦੀ ਪ੍ਰੀਖਿਆ ’ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਪੁੱਤਰ ਦਾ ਪੂਰਾ ਨਾਂ ਪੁੱਛੇ ਜਾਣ ਦੇ ਮਾਮਲੇ ਵਿਚ ਸੋਸ਼ਲ ਮੀਡੀਆ ’ਤੇ ਬਖੇੜਾ ਖੜ੍ਹਾ ਹੋ ਗਿਆ ਹੈ। ਸਿੱਖਿਆ ਵਿਭਾਗ ਨੇ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਓਧਰ ਸਕੂਲ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਵਾਲ ਨੂੰ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਵੇਖਿਆ ਜਾਣਾ ਚਾਹੀਦਾ ਹੈ। ਖੰਡਵਾ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਦੀ ਜਮਾਤ 6ਵੀਂ ਦੇ ਆਮ ਗਿਆਨ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਸਵਾਲ ਪੁੱਛਿਆ ਗਿਆ ਸੀ ਕਿ ਕਰੀਨ ਕਪੂਨ ਅਤੇ ਸੈਫ ਅਲੀ ਖਾਨ ਦੇ ਪੁੱਤਰ ਦਾ ਪੂਰਾ ਨਾਂ ਲਿਖੋ।
ਇਸ ਸਵਾਲ ’ਤੇ ਸਥਾਨਕ ਮਾਪਿਆਂ-ਸਿੱਖਿਅਕ ਬਾਡੀਜ਼ ਨੇ ਇਤਰਾਜ਼ ਪ੍ਰਗਟਾਇਆ ਅਤੇ ਕਈ ਲੋਕਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ’ਤੇ ਪ੍ਰਸ਼ਨ ਪੁੱਤਰ ਦੀ ਕਾਪੀ ਵੀ ਸਾਂਝੀ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਭਾਲੇਰਾਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਵਿਭਾਗ ਸਬੰਧਤ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਉੱਤਰ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਨਿਰਦੇਸ਼ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸੰਜੀਵ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਰਾਸ਼ਟਰ ਹਿੱਤ ਵਿਚ ਉਨ੍ਹਾਂ ਦਾ ਗਿਆਨ ਵਧੇ।
ਇਸ ਬਾਬਤ ਸਕੂਲ ਦੀ ਸੰਚਾਲਕ ਸ਼ਵੇਤਾ ਜੈਨ ਨੇ ਕਿਹਾ ਕਿ ਪ੍ਰਸ਼ਨ ਪੱਤਰ ਦਿੱਲੀ ਸਥਿਤ ਇਕ ਸੰਗਠਨ ਵਲੋਂ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸਕੂਲ ਸਬੰਧਤ ਹੈ। ਅਜੇ ਤੱਕ ਸਕੂਲ ਦੇ ਕਿਸੇ ਵੀ ਵਿਦਿਆਰਥੀ ਦੇ ਮਾਪੇ ਨੇ ਇਸ ਮਾਮਲੇ ਵਿਚ ਸ਼ਿਕਾਇਤ ਨਹੀਂ ਕੀਤੀ ਹੈ ਅਤੇ ਜੋ ਲੋਕ ਵਿਰੋਧ ਕਰ ਰਹੇ ਹਨ, ਉਹ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਹੀਂ ਹਨ।