5 ਸਾਲ ਪਹਿਲਾਂ ਬਰਗਰ ਵਿਚੋਂ ਨਿਕਲਿਆ ਸੀ ਕੀੜਾ, ਮੈਕਡੋਨਲਡ ਦੇਵੇਗਾ 70 ਹਜ਼ਾਰ ਰੁਪਏ ਦਾ ਹਰਜਾਨਾ

Wednesday, Jun 05, 2019 - 01:08 PM (IST)

5 ਸਾਲ ਪਹਿਲਾਂ ਬਰਗਰ ਵਿਚੋਂ ਨਿਕਲਿਆ ਸੀ ਕੀੜਾ, ਮੈਕਡੋਨਲਡ ਦੇਵੇਗਾ 70 ਹਜ਼ਾਰ ਰੁਪਏ ਦਾ ਹਰਜਾਨਾ

ਨਵੀਂ ਦਿੱਲੀ — ਫਾਸਟ ਫੂਡ ਕੰਪਨੀ ਮੈਕਡੋਨਲਡ ਦੇ ਬਰਗਰ ਵਿਚੋਂ ਕੀੜੇ ਨਿਕਲਣ ਦੇ ਮਾਮਲੇ 'ਚ ਪੀੜਤ ਵਿਅਕਤੀ ਨੂੰ 5 ਸਾਲ ਬਾਅਦ ਨਿਆਂ ਮਿਲਿਆ ਹੈ। ਦਿੱਲੀ ਦੇ ਇਕ ਆਊਟਲੈੱਟ 'ਚ ਮੈਕਡੋਨਲਡ ਦੇ ਬਰਗਰ ਵਿਚੋਂ ਕੀੜਾ ਨਿਕਲਿਆ ਸੀ, ਜਿਸ ਨੂੰ ਖਾਂਦਿਆਂ ਹੀ ਗਾਹਕ(ਪੀੜਤ ਵਿਅਕਤੀ) ਬੀਮਾਰ ਹੋ ਗਿਆ। ਫਿਰ ਉਹ ਇਸ ਮਾਮਲੇ ਨੂੰ ਲੈ ਕੇ ਉਪਭੋਗਤਾ ਕੇਂਦਰ ਪਹੁੰਚਿਆ ਜਿਥੇ ਉਸਨੂੰ 5 ਸਾਲ ਬਾਅਦ ਹੁਣ 70 ਹਜ਼ਾਰ ਰੁਪਏ ਮਿਲਣ ਦਾ ਭਰੋਸਾ ਦਿੱਤਾ ਗਿਆ ਹੈ।

PunjabKesari

ਇਹ ਘਟਨਾ ਸੰਦੀਪ ਸਕਸੇਨਾ ਨਾਮ ਦੇ ਵਿਅਕਤੀ ਨਾਲ ਵਾਪਰੀ। ਉਹ ਈਸਟ ਦਿੱਲੀ 'ਚ ਰਹਿੰਦੇ ਹਨ ਅਤੇ 10 ਜੁਲਾਈ 2014 ਨੂੰ ਨੋਇਡਾ ਦੇ ਜੀ.ਆਈ.ਪੀ. ਮਾਲ ਦੇ ਮੈਕਡੋਨਲਡ ਗਏ ਸਨ। ਇਥੇ ਉਨ੍ਹਾਂ ਨੇ ਹੋਰ ਸਮਾਨ ਦੇ ਨਾਲ ਮੈੱਕ ਆਲੂ ਟਿੱਕੀ ਦਾ ਵੀ ਆਰਡਰ ਕੀਤਾ। ਬਰਗਰ ਦੇ ਕੁਝ ਬਾਈਟ ਖਾਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਅਜੀਬ ਮਹਿਸੂਸ ਹੋਇਆ। ਫਿਰ ਉਨ੍ਹਾਂ ਨੇ ਬਰਗਰ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਕੁਝ ਕੀੜੇ ਵਰਗਾ ਦਿਖਾਈ ਦਿੱਤਾ, ਜਿਸ ਨੂੰ ਕਿ ਉਹ ਥੋੜ੍ਹਾ ਖਾ ਚੁੱਕੇ ਸਨ। ਇਸ ਦੇ ਨਾਲ ਹੀ ਸਕਸੇਨਾ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਸਕਸੇਨਾ ਮੈਕਡੋਨਲਡ ਦੇ ਸਟੋਰ ਮੈਨੇਜਰ ਨੂੰ ਮਿਲੇ ਅਤੇ ਨਾਲ ਹੀ ਪੁਲਸ ਨੂੰ ਵੀ ਬੁਲਾ ਲਿਆ। ਉਥੋਂ ਹੀ ਉਨ੍ਹਾਂ ਨੂੰ ਫੂਡ ਇੰਸਪੈਕਟਰ ਦਾ ਵੀ ਨੰਬਰ ਮਿਲਿਆ। ਫੂਡ ਇੰਸਪੈਕਟਰ ਦੇ ਆਊਟਲੈੱਟ 'ਤੇ ਪਹੁੰਚਣ ਤੱਕ ਸਕਸੇਨਾ ਹਸਪਤਾਲ ਵਿਚ ਭਰਤੀ ਹੋ ਚੁੱਕੇ ਸਨ। ਇਸ ਦੌਰਾਨ ਤਿਆਰ ਹੋਈ ਫੂਡ ਸੇਫਟੀ ਦੀ ਰਿਪੋਰਟ 'ਚ ਸਾਹਮਣੇ ਆਇਆ ਕਿ ਉਹ ਬਰਗਰ ਖਾਣ 'ਚ ਸੁਰੱਖਿਅਤ ਨਹੀਂ ਸੀ ਅਤੇ ਉਸ ਵਿਚ ਮਰਿਆ ਹੋਇਆ ਕੀੜਾ ਵੀ ਸੀ।

ਹੁਣ ਮੈਕਡੋਨਲਡ ਨੂੰ ਸਕਸੇਨਾ ਨੂੰ 70 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਇਸ ਰਾਸ਼ੀ ਵਿਚ 895 ਰੁਪਏ ਉਹ ਹਨ ਜਿਹੜੇ ਉਨ੍ਹਾਂ ਦੇ ਇਲਾਜ ਲਈ ਖਰਚ ਹੋਏ। 50 ਹਜ਼ਾਰ ਮਾਨਸਿਕ ਤਣਾਅ ਦਾ ਹਰਜਾਨਾ ਅਤੇ 20 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਦੇ। ਆਰਡਰ ਦਿੱਤਾ ਗਿਆ ਹੈ ਕਿ 60 ਦਿਨ ਅੰਦਰ ਇਹ ਪੈਸਾ ਦਿੱਤਾ ਜਾਵੇ ਨਹੀਂ ਤਾਂ ਤੈਅ ਰਾਸ਼ੀ 'ਤੇ 9 ਫੀਸਦੀ ਦਾ ਵਿਆਜ ਵੀ ਦੇਣਾ ਹੋਵੇਗਾ।


Related News