ਲਖਨਊ ਸ਼ੂਟਆਊਟ : ਪੀੜਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ 25 ਲੱਖ ਮੁਆਵਜ਼ਾ

09/29/2018 8:58:20 PM

ਲਖਨਊ (ਏਜੰਸੀ)- ਲਖਨਊ ਦੇ ਗੋਮਤੀ ਨਗਰ ਵਿਚ ਦੋ ਪੁਲਸ ਮੁਲਾਜ਼ਮਾਂ ਵਲੋਂ ਐਪਲ ਦੇ ਏਰੀਆ ਸੇਲਸ ਮੈਨੇਜਰ ਵਿਵੇਕ ਤਿਵਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਮਾਮਲਾ ਭੱਖਦਾ ਜਾ ਰਿਹਾ ਹੈ। ਯੂ.ਪੀ. ਸਰਕਾਰ ਵਲੋਂ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਬਾਰੇ ਐਲਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮ੍ਰਿਤਕ ਵਿਵੇਕ ਦੀ ਪਤਨੀ ਨੂੰ ਸਰਕਾਰ ਵਲੋਂ ਨਗਰ ਨਿਗਮ ਵਿਚ ਨੌਕਰੀ ਦੇਣ ਦੀ ਗੱਲ ਵੀ ਕਹੀ ਗਈ ਹੈ। ਪੀੜਤ ਪਰਿਵਾਰ ਨੇ ਆਪਣਾ ਪ੍ਰਦਰਸ਼ਨ ਬੰਦ ਕਰ ਦਿੱਤਾ ਹੈ।
ਇਸ ਮਾਮਲੇ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਸੂਬੇ ਦੇ ਡੀ.ਜੀ.ਪੀ. ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ ਯੋਗੀ ਸਰਕਾਰ ਵਿਚ ਮੰਤਰੀ ਆਸ਼ੂਤੋਸ਼ ਟੰਡਨ ਨੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਗਠਿਤ ਕਰਨ ਦੀ ਗੱਲ ਕਹੀ ਹੈ। ਉਥੇ ਹੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਲੋੜ ਪੈਣ 'ਤੇ ਸੀ.ਬੀ.ਆਈ. ਜਾਂਚ ਦੀ ਗੱਲ ਆਖੀ ਹੈ।
ਇਸ ਮਾਮਲੇ ਵਿਚ ਸ਼ਾਮਲ ਪੁਲਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਧਾਰਾ 302 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪੁਲਸ ਮੁਲਾਜ਼ਮਾਂ ਵਿਰੁੱਧ ਹੋਈ ਇਸ ਕਾਰਵਾਈ ਦੇ ਬਾਵਜੂਦ ਵੀ ਸਿੰਚਾਈ ਮੰਤਰੀ ਇਸ ਘਟਨਾ ਨੂੰ ਸਹੀ ਐਨਕਾਉਂਟਰ ਦੱਸਦੇ ਹੋਏ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਤੜਕੇ 1-30 ਵਜੇ ਮਕਦੂਮਪੁਰ ਪੁਲਸ ਚੌਕੀ ਨੇੜੇ ਐਸ.ਯੂ.ਵੀ. ਵਿਚ ਸਵਾਰ ਐਪਲ ਦੇ ਏਰੀਆ ਸੇਲਸ ਮੈਨੇਜਰ ਵਿਵੇਕ ਤਿਵਾਰੀ ਨੂੰ ਗੋਲੀ ਮਾਰ ਦਿੱਤੀ, ਗੋਲੀ ਲੱਗਦੇ ਹੀ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਵਾਹਨ ਡਿਵਾਈਡਰ ਨਾਲ ਟਕਰਾ ਗਿਆ। ਉਥੇ ਹੀ ਸਿਰ 'ਤੇ ਗੋਲੀ ਲੱਗਣ ਕਾਰਨ ਵਿਵੇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੇਖਦੇ ਹੀ ਦੋਵੇਂ ਮੁਲਜ਼ਮ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਏ। ਹਾਦਸੇ ਸਮੇਂ ਵਿਵੇਕ ਤਿਵਾਰੀ ਦੇ ਨਾਲ ਜਾ ਰਹੀ ਸਨਾ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਗੋਲੀਬਾਰੀ ਕਰਨ ਵਾਲੇ ਕਾਂਸਟੇਬਲ ਪ੍ਰਸ਼ਾਂਤ ਕੁਮਾਰ ਅਤੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News