ਲਖਨਊ ਡਬਲ ਮਰਡਰ ਮਾਮਲੇ ''ਚ ਖੁਲਾਸਾ, ਧੀ ਨੇ ਹੀ ਕੀਤਾ ਮਾਂ ਅਤੇ ਭਰਾ ਦਾ ਕਤਲ
Saturday, Aug 29, 2020 - 09:39 PM (IST)

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸੀ.ਐੱਮ. ਘਰ ਦੇ ਕੋਲ ਹੋਏ ਡਬਲ ਮਰਡਰ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ 'ਚ ਪੁਲਸ ਨੇ ਗੁੱਥੀ ਸੁਲਝਾਉਂਦੇ ਹੋਏ ਦੱਸਿਆ ਕਿ ਕੁੜੀ ਨੇ ਹੀ ਆਪਣੀ ਮਾਂ ਅਤੇ ਭਰਾ ਦੀ ਹੱਤਿਆ ਕੀਤੀ ਹੈ। ਦਰਅਸਲ, ਲਖਨਊ 'ਚ ਹਾਈ-ਸਕਿਊਰਿਟੀ ਜ਼ੋਨ ਥਾਣਾ ਗੌਤਮ ਪੱਲੀ ਖੇਤਰ 'ਚ ਡਬਲ ਮਰਡਰ ਨਾਲ ਹੜਕੰਪ ਮੱਚ ਗਿਆ। ਮੁੱਖ ਮੰਤਰੀ ਘਰ ਦੇ ਕੋਲ ਸਥਿਤ ਰੇਲਵੇ ਕਲੋਨੀ 'ਚ ਇਸ ਦੋਹਰੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ। ਘਟਨਾ ਰੇਲਵੇ ਦੇ ਵੱਡੇ ਅਧਿਕਾਰੀ ਦੇ ਸਰਕਾਰੀ ਘਰ 'ਚ ਹੋਈ। ਘਟਨਾ 'ਚ ਰੇਲਵੇ ਦੇ ਸੀਨੀਅਰ ਅਧਿਕਾਰੀ ਆਰ.ਡੀ. ਬਾਜਪੇਈ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਕੀਤੀ ਗਈ। ਉਥੇ ਹੀ ਹੁਣ ਖੁਲਾਸਾ ਹੋਇਆ ਹੈ ਕਿ ਇਸ ਘਟਨਾ ਨੂੰ ਅੰਜਾਮ ਅਧਿਕਾਰੀ ਦੀ ਧੀ ਨੇ ਹੀ ਦਿੱਤਾ ਹੈ।
ਪੁਲਸ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਅਧਿਕਾਰੀ ਦੀ ਧੀ ਨੇ ਹੀ ਆਪਣੀ ਮਾਂ ਅਤੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਧੀ ਨੈਸ਼ਨਲ ਲੈਵਲ ਦੀ ਸ਼ੂਟਰ ਹੈ ਅਤੇ ਉਸ ਦੇ ਕਮਰੇ ਤੋਂ ਹੱਤਿਆ ਦੌਰਾਨ ਇਸਤੇਮਾਲ ਕੀਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਉਥੇ ਹੀ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਕੁੜੀ ਨੇ ਖੁਦ ਨੂੰ ਵੀ ਸੱਟ ਪਹੁੰਚਾਈ ਸੀ। ਫਿਲਹਾਲ ਪਰਿਵਾਰਿਕ ਵਿਵਾਦ ਨੂੰ ਇਸ ਹੱਤਿਆ ਦੇ ਪਿੱਛੇ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।
ਖੁਦ ਨੂੰ ਵੀ ਪਹੁੰਚਾਇਆ ਨੁਕਸਾਨ
ਲਖਨਊ ਪੁਲਸ ਨੇ 4 ਘੰਟੇ 'ਚ ਘਟਨਾ ਦਾ ਖੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪੂਰੇ ਘਟਨਾਕ੍ਰਮ 'ਚ ਤਿੰਨ ਗੋਲੀਆਂ ਚੱਲੀਆਂ ਹਨ। ਪਹਿਲੀ ਗੋਲੀ ਸ਼ੀਸ਼ੇ 'ਤੇ ਮਾਰੀ ਗਈ। ਇਸ ਤੋਂ ਇਲਾਵਾ ਦੂਜੀ ਅਤੇ ਤੀਜੀ ਗੋਲੀ ਮਾਂ ਅਤੇ ਭਰਾ ਨੂੰ ਮਾਰੀ ਗਈ। ਕੁੜੀ ਨੇ ਬਾਥਰੂਮ ਦੇ ਸ਼ੀਸ਼ੇ 'ਤੇ Disqualifide Human ਲਿਖਿਆ ਅਤੇ ਉਸ 'ਤੇ ਪਹਿਲੀ ਗੋਲੀ ਮਾਰੀ। ਉਥੇ ਹੀ ਕੁੜੀ ਦੇ ਦੋਨਾਂ ਹੱਥਾਂ 'ਤੇ ਕਟਣ ਦੇ ਕਾਫ਼ੀ ਨਿਸ਼ਾਨ ਸਨ। ਮੌਕੇ ਤੋਂ ਪੁਲਸ ਨੇ ਉਹ ਰੇਜ਼ਰ ਵੀ ਬਰਾਮਦ ਕੀਤੀ ਹੈ, ਜਿਸ ਦੇ ਨਾਲ ਕੁੜੀ ਨੇ ਆਪਣੇ ਹੱਥ ਕੱਟ ਕੇ ਜ਼ਖ਼ਮ ਕੀਤੇ ਸਨ।