ਲਖਨਊ ''ਚ ਕੋਰੋਨਾ ਦਾ ਕਹਿਰ, 31 ਨਵੇਂ ਕੇਸ ਮਿਲੇ, 9 ਤੋਂ 16 ਸਾਲ ਦੇ ਬੱਚੇ ਵੀ ਸ਼ਾਮਲ
Wednesday, Apr 15, 2020 - 01:45 PM (IST)

ਲਖਨਊ- ਲਖਨਊ 'ਚ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਕੋਰੋਨਾ ਵਾਇਰਸ ਦਾ ਖਤਰਾ ਅਚਾਨਕ ਵਧ ਗਿਆ ਹੈ। ਮੰਗਲਵਾਰ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ 'ਚ ਜਾਂਚ ਕੀਤੇ ਗਏ 806 ਸੈਂਪਲਾਂ 'ਚੋਂ 31 ਲਖਨਊ ਦੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਪਾਜ਼ੀਟਿਵ ਲੋਕਾਂ 'ਚ 9 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਵੀ ਸ਼ਾਮਲ ਹਨ। ਇਨਾਂ 'ਚ ਜ਼ਿਆਦਾਤਰ ਨਜ਼ੀਰਾਬਾਦ ਅਤੇ ਸਦਰ ਇਲਾਕੇ ਦੇ ਰਹਿਣ ਵਾਲੇ ਹਨ।
ਰਾਜਧਾਨੀ 'ਚ ਇਕੱਠੇ ਇੰਨੀ ਵੱਡੀ ਗਿਣਤੀ 'ਚ ਪਾਜ਼ੀਟਿਵ ਮਾਮਲੇ ਮਿਲਣ ਨਾਲ ਹੜਕੰਪ ਮਚ ਗਿਆ ਹੈ। ਏ.ਸੀ.ਐੱਮ.ਓ. ਡੀ.ਪੀ. ਤ੍ਰਿਪਾਠੀ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਪੀੜਤਾਂ 'ਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਇਨਾਂ 'ਚੋਂ ਜ਼ਿਆਤਾਰ ਪੀੜਤਾਂ ਨੂੰ ਸਿਹਤ ਵਿਭਾਗ ਕੁਆਰੰਟੀਨ ਕਰਵਾ ਚੁਕਿਆ ਹੈ।
ਪ੍ਰਦੇਸ਼ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਚਿੰਤਾ ਦਾ ਕਾਰਨ ਬਣ ਗਈ ਹੈ। ਮੰਗਲਵਾਰ ਨੂੰ ਲਏ ਗਏ 806 ਨਮੂਨਿਆਂ 'ਚੋਂ ਅੱਜ ਯਾਨੀ ਬੁੱਧਵਾਰ ਨੂੰ 45 ਕੋਰੋਨਾ ਪਾਜ਼ੀਟਿਵ ਪਾਏ ਗਏ। ਇਨਾਂ ਪੀੜਤਾਂ 'ਚ 31 ਰਾਜਧਾਨੀ ਲਖਨਊ ਦੇ ਹਨ। ਉੱਥੇ ਹੀ ਫਿਰੋਜ਼ਾਬਾਦ 'ਚ ਵੀ 5 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਜਿਹੇ 'ਚ ਪ੍ਰਦੇਸ਼ 'ਚ ਕੁਲ ਪੀੜਤਾਂ ਦੀ ਗਿਣਤੀ 729 ਪਹੁੰਚ ਗਈ ਹੈ। ਮੰਗਲਵਾਰ ਨੂੰ ਯੂ.ਪੀ. 'ਚ 3 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ, ਜਿਸ ਤੋਂ ਬਾਅਦ ਪ੍ਰਦੇਸ਼ 'ਚ ਇਸ ਇਨਫੈਕਸ਼ਨ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 11 ਹੋ ਚੁਕੀ ਹੈ।