ਉੱਪ ਰਾਜਪਾਲ ਸਕਸੈਨਾ ਨੇ ਕੇਜਰੀਵਾਲ ਨੂੰ ਲਿਖਿਆ ਪੱਤਰ, ''ਅਪਮਾਨਜਨਕ ਟਿੱਪਣੀ'' ਕਰਨ ਦਾ ਲਗਾਇਆ ਦੋਸ਼
Friday, Jan 20, 2023 - 11:25 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ 2 ਸੰਵਿਧਾਨਕ ਅਹੁਦਾ ਅਧਿਕਾਰੀਆਂ ਨਾਲ ਜੁੜੇ ਵਿਵਾਦ 'ਚ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਉਨ੍ਹਾਂ 'ਤੇ ਅਪਮਾਨਜਨਕ ਟਿੱਪਣੀ ਕਰਨ ਅਤੇ ਹੇਠਲੇ ਪੱਧਰ ਦੀ ਬਿਆਨਬਾਜ਼ੀ 'ਤੇ ਉਤਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕੇਜਰੀਵਾਲ 'ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨਾਲ 16 ਜਨਵਰੀ ਨੂੰ ਰਾਜ ਨਿਵਾਸ ਤੱਕ ਮਾਰਚ ਕੱਢੇ ਜਾਣ ਦੌਰਾਨ 'ਸਿਆਸੀ ਪਖੰਡ' ਕਰਨ ਦਾ ਦੋਸ਼ ਵੀ ਲਗਾਇਆ। ਸਕਸੈਨਾ ਨੇ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਇਕ ਬੈਠਕ ਲਈ ਸੱਦਾ ਦਿੱਤਾ ਸੀ ਪਰ ਮੁੱਖ ਮੰਤਰੀ ਆਪਣੇ ਸਾਰੇ ਵਿਧਾਇਕਾਂ ਨਾਲ ਉਨ੍ਹਾਂ ਨਾਲ ਮੁਲਾਕਾਤ ਕਰਨ ਦੇ ਬਹਾਨੇ ਦੀ ਆੜ 'ਚ ਬੈਠਕ 'ਚ ਨਹੀਂ ਆਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬੇਹੱਦ ਘੱਟ ਸਮੇਂ 'ਚ ਅਚਾਨਕ ਆਪਣੇ ਸਾਰੇ ਵਿਧਾਇਕਾਂ ਨਾਲ ਬੈਠਕ ਕੀਤੇ ਜਾਣ ਦੀ ਮੰਗ ਕੀਤੀ ਪਰ ਇਕ ਵਾਰ 'ਚ 70 ਤੋਂ 80 ਲੋਕਾਂ ਨਾਲ ਮੁਲਾਕਾਤ ਕਰਨਾ ਸੰਭਵ ਨਹੀਂ ਸੀ ਅਤੇ ਨਾ ਹੀ ਇਸ ਦਾ ਕੋਈ ਠੋਸ ਨਤੀਜਾ ਨਿਕਲ ਪਾਉਂਦਾ।
ਉੱਪ ਰਾਜਪਾਲ ਨੇ ਕਿਹਾ,''ਬਦਕਿਸਮਤੀ ਨਾਲ ਤੁਸੀਂ ਸੁਵਿਧਾਜਨਕ ਸਿਆਸੀ ਪਖੰਡ ਕੀਤਾ ਕਿ ਐੱਲ.ਜੀ. ਨੇ ਮੈਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।'' ਉਨ੍ਹਾਂ ਨੇ ਕੇਜਰੀਵਾਲ ਨੂੰ ਲਿਖੇ ਪੱਤਰ 'ਚ ਕਿਹਾ,''ਮੈਂ ਇੱਥੇ ਦੱਸ ਦੇਵਾਂ ਕਿ ਮੈਂ ਇਹ ਜਾਣ ਕੇ ਬਹੁਤ ਹੈਰਾਨ ਹੋਇਆ ਕਿ ਸ਼ਹਿਰ ਵਿਕਾਸ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਫਿਰ ਵੀ ਤੁਹਾਨੂੰ ਮੇਰੇ ਨਾਲ ਮੁਲਾਕਾਤ ਕਰ ਕੇ ਮੁੱਦੇ ਨੂੰ ਤਰਕਪੂਰਨ ਸਿੱਟੇ 'ਤੇ ਲਿਜਾਣ ਦੀ ਬਜਾਏ ਲੰਬਾ ਮਾਰਚ ਕੱਢਣ ਅਤੇ ਪ੍ਰਦਰਸ਼ਨ ਕਰਨ ਦਾ ਸਮਾਂ ਮਿਲ ਗਿਆ।'' 2 ਦਿਨ ਪਹਿਲਾਂ ਵਿਧਾਨ ਸਭਾ 'ਚ ਕੇਜਰੀਵਾਲ ਵਲੋਂ ਉੱਪ ਰਾਜਪਾਲ 'ਤੇ ਨਿਸ਼ਾਨਾ ਵਿੰਨ੍ਹਣ ਦੇ ਸੰਦਰਭ 'ਚ ਸਕਸੈਨਾ ਨੇ ਕਿਹਾ,''ਐੱਲ.ਜੀ ਕੌਣ ਹੈ ਅਤੇ ਉਹ ਕਿੱਥੋਂ ਆਏ, ਵਰਗੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕਦਾ ਹੈ ਪਰ ਤੁਸੀਂ ਭਾਰਤ ਦੇ ਸੰਵਿਧਾਨ ਦੇ ਸੰਦਰਭ 'ਚ ਪੁੱਛਿਆ ਹੁੰਦਾ ਪਰ ਅਜਿਹੇ ਲੋਕਾਂ ਨੂੰ ਇਸ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ, ਜੋ 'ਬੇਹੱਦ ਨੀਵੇਂ ਪੱਧਰ ਦੀ ਬਿਆਨਬਾਜ਼ੀ 'ਤੇ ਉਤਰ ਆਏ ਹਨ।'' ਮੰਗਲਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ 'ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ' ਮੁਹਾਵਰੇ ਦਾ ਇਸਤੇਮਾਲ ਕਰਦੇ ਹੋਏ ਉੱਪ ਰਾਜਪਾਲ ਦੇ ਅਧਿਕਾਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਉਹ (ਸਕਸੈਨਾ) ਮੇਰੇ ਪ੍ਰਿੰਸੀਪਲ ਨਹੀਂ ਹਨ।