ਪ੍ਰੇਮ ਵਿਆਹ ਕਰਨ ਦੀ ਸਜ਼ਾ, ਪਿਤਾ ਨੇ ਗਰਭਵਤੀ ਧੀ ਤੇ ਜੁਆਈ ਨੂੰ ਫਾਂਸੀ ''ਤੇ ਲਟਕਾਇਆ
Friday, Jul 05, 2019 - 10:55 AM (IST)
ਚੇਨਈ— ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲੇ 'ਚ ਮਾਤਾ-ਪਿਤਾ ਦੀ ਮਰਜ਼ੀ ਵਿਰੁੱਧ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨੂੰ ਕੁੜੀ ਦੇ ਪਿਤਾ ਨੇ ਆਪਣੇ ਕੁਝ ਸਹਿਯੋਗੀਆਂ ਨਾਲ ਮਿਲ ਕੇ ਵੀਰਵਾਰ ਨੂੰ ਫਾਂਸੀ 'ਤੇ ਲਟਕਾ ਦਿੱਤੀ। ਕਤਲ ਸਮੇਂ ਕੁੜੀ ਗਰਭਵਤੀ ਸੀ। ਪੁਲਸ ਨੇ ਕਾਤਲ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾਂ ਦੀ ਪਛਾਣ ਕੁਲਾਥੁਰ ਪਿੰਡ ਦੇ ਟੀ. ਸੋਲੈਰਾਜਾ ਅਤੇ ਪੇਚਿਆਮਲ ਪਿੰਡ ਦੀ ਰਹਿਣ ਵਾਲੀ ਉਨ੍ਹਾਂ ਦੀ ਪਤਨੀ ਏ. ਜੋਤੀ ਦੇ ਰੂਪ 'ਚ ਹੋਈ ਹੈ। ਇਹ ਦੋਵੇਂ ਇਕ ਨਮਕ ਕੰਪਨੀ 'ਚ ਕੰਮ ਕਰਦੇ ਸਨ। ਪੁਲਸ ਨੇ ਏ. ਜੋਤੀ ਦੇ ਪਿਤਾ ਅਲਗਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਥਾਨਕ ਲੋਕਾਂ ਅਨੁਸਾਰ ਕੰਮ ਦੌਰਾਨ ਸੋਲੈਰਾਜਾ ਅਤੇ ਜੋਤੀ ਦਰਮਿਆਨ ਪਿਆਰ ਹੋ ਗਿਆ। ਜੋਤੀ ਦੇ ਪਰਿਵਾਰ ਵਾਲਿਆਂ ਨੇ ਇਸ ਰਿਸ਼ਤੇ ਦਾ ਵਿਰੋਧ ਕੀਤਾ। ਸੋਲੈਰਾਜਾ ਅਤੇ ਜੋਤੀ ਨੇ ਆਪਣੇ ਮਾਤਾ-ਪਿਤਾ ਦੀ ਮਰਜ਼ੀ ਵਿਰੁੱਧ ਜਾ ਕੇ ਤਿੰਨ ਮਹੀਨੇ ਪਹਿਲਾਂ ਇਕ ਮੰਦਰ 'ਚ ਵਿਆਹ ਕਰ ਲਿਆ ਅਤੇ ਕੁਲਾਥੁਰ ਪਿੰਡ 'ਚ ਰਹਿਣ ਲੱਗੇ। ਵੀਰਵਾਰ ਨੂੰ ਕੁੜੀ ਦਾ ਪਿਤਾ ਅਲਗਰ ਆਪਣੇ ਕੁਝ ਸਹਿਯੋਗੀਆਂ ਨਾਲ ਬਾਈਕ 'ਤੇ ਉੱਥੇ ਪੁੱਜਾ ਅਤੇ ਦੋਹਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵੀਰਵਾਰ ਸਵੇਰੇ ਸੋਲੈਰਾਜਾ ਅਤੇ ਜੋਤੀ ਦਾ ਕਮਰਾ ਬੰਦ ਰਿਹਾ। ਸੋਲੈਰਾਜਾ ਦੀ ਮਾਂ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ। ਕਮਰੇ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਪੂਰੇ ਕਮਰੇ 'ਚ ਖੂਨ ਬਿਖਰਿਆ ਹੋਇਆ ਸੀ ਅਤੇ ਦੋਹਾਂ ਸਰੀਰ 'ਤੇ ਜ਼ਖਮ ਦੇ ਨਿਸ਼ਾਨ ਸਨ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।