ਲੋਕ ਸਭਾ ਚੋਣਾਂ ਦੇ ਸਭ ਤੋਂ ਵੱਡੇ ਗੇੜ ਲਈ ਵੋਟਿੰਗ ਸ਼ੁਰੂ, ਰਾਹੁਲ ਤੇ ਸ਼ਾਹ ਦੀ ਕਿਸਮਤ ਦਾਅ ''ਤੇ

04/23/2019 10:01:22 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਮੰਗਲਵਾਰ ਨੂੰ ਦੇਸ਼ ਭਰ 'ਚ 116 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ, ਜਿਸ 'ਚ ਗੁਜਰਾਤ ਅਤੇ ਕੇਰਲ ਦੀਆਂ ਸਾਰੀਆਂ ਸੀਟਾਂ ਸ਼ਾਮਲ ਹਨ। 7 ਗੇੜਾਂ 'ਚੋਂ ਸਭ ਤੋਂ ਵੱਡੇ ਇਸ ਗੇੜ ਦੇ ਪ੍ਰਮੁੱਖ ਉਮੀਦਵਾਰਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਈ ਕੇਂਦਰੀ ਮੰਤਰੀ ਸ਼ਾਮਲ ਹਨ। ਇਸ ਗੇੜ 'ਚ ਜਿਨ੍ਹਾਂ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 116 ਸੀਟਾਂ 'ਚ ਵੋਟਿੰਗ ਹੋ ਰਹੀ ਹੈ, 2014 ਦੀਆਂ ਚੋਣਾਂ 'ਚ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਨੇ ਉਨ੍ਹਾਂ 'ਚੋਂ 66 ਸੀਟਾਂ ਜਿੱਤੀਆਂ ਸਨ। ਉੱਥੇ ਹੀ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ 27 'ਤੇ ਜਿੱਤ ਹਾਸਲ ਕੀਤੀ ਸੀ। ਬਾਕੀ ਸੀਟਾਂ ਹੋਰ ਵਿਰੋਧੀ ਦਲਾਂ ਅਤੇ ਆਜ਼ਾਦ ਦੇ ਖਾਤਿਆਂ 'ਚ ਗਈਆਂ ਸਨ। ਇਸ ਗੇੜ 'ਚ ਗੁਜਰਾਤ ਦੀਆਂ ਸਾਰੀਆਂ 26 ਅਤੇ ਕੇਰਲ ਦੀਆਂ ਸਾਰੀਆਂ 20 ਸੀਟਾਂ ਲਈ ਆਸਾਮ ਦੀਆਂ 4, ਬਿਹਾਰ ਦੀਆਂ 5, ਛੱਤੀਸਗੜ੍ਹ ਦੀ 7, ਕਰਨਾਟਕ ਅਤੇ ਮਹਾਰਾਸ਼ਟਰ 'ਚ 14-14, ਓਡੀਸ਼ਾ ਦੀ 6, ਉੱਤਰ ਪ੍ਰਦੇਸ਼ ਦੀਆਂ 10, ਪੱਛਮੀ ਬੰਗਾਲ ਦੀਆਂ 5, ਗੋਆ ਦੀਆਂ 2 ਅਤੇ ਦਾਦਰ ਨਗਰ ਹਵੇਲੀ, ਦਮਨ ਦੀਵ ਤੇ ਤ੍ਰਿਪੁਰਾ ਦੀ 1-1 ਸੀਟ ਸ਼ਾਮਲ ਹੈ। ਤੀਜੇ ਗੇੜ ਦੀ ਵੋਟਿੰਗ 'ਚ ਕਰੀਬ 18.56 ਕਰੋੜ ਵੋਟਰ ਆਪਣਾ ਵੋਟ ਪਾ ਸਕਦੇ ਹਨ। ਚੋਣ ਕਮਿਸ਼ਨ ਨੇ ਇਸ ਲਈ 2.10 ਲੱਖ ਵੋਟਿੰਗ ਕੇਂਦਰ ਬਣਾਏ ਹਨ ਅਤੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
 

ਰਾਹੁਲ ਦੀ ਵਾਇਨਾਡ ਸੀਟ 'ਤੇ ਸਾਰਿਆਂ ਦੀ ਨਜ਼ਰ
ਗੁਜਰਾਤ ਦੇ ਗਾਂਧੀਨਗਰ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਮੈਦਾਨ 'ਚ ਹਨ, ਜਿੱਥੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਚੋਣਾਂ ਲੜ ਕੇ ਲੋਕ ਸਭਾ ਪਹੁੰਚਦੇ ਰਹੇ। ਕੇਰਲ 'ਚ ਵਾਇਨਾਡ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੜ ਰਹੇ ਹਨ ਅਤੇ ਇਸ ਸੀਟ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹਨ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਤਰੂਰ ਕੇਰਲ ਦੇ ਤਿਰੁਅਨੰਤਪੁਰਮ ਤੋਂ ਫਿਰ ਤੋਂ ਕਿਸਮਤ ਅਜਮਾ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਸਾਬਕਾ ਰਾਜਪਾਲ ਕੇ. ਰਾਜਸ਼ੇਖਰਨ ਨੂੰ ਉਤਾਰਿਆ ਹੈ। ਕਰਨਾਟਕ 'ਚ ਇਹ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇ.ਡੀ.ਐੱਸ. ਗਠਜੋੜ ਸਰਕਾਰ ਲਈ ਪ੍ਰੀਖਿਆ ਹੈ। ਉੱਤਰ ਪ੍ਰਦੇਸ਼ 'ਚ ਸਪਾ ਨੇਤਾ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ 4 ਮੈਂਬਰਾਂ ਦਾ ਭਵਿੱਖ ਈ.ਵੀ.ਐੱਮ. 'ਚ ਕੈਦ ਹੋਵੇਗਾ। ਮੁਲਾਇਮ, ਉਨ੍ਹਾਂ ਦੇ 2 ਭਤੀਜੇ ਧਰਮੇਂਦਰ ਯਾਦਵ ਅਤੇ ਅਕਸ਼ੈ ਯਾਦਵ ਫਿਰ ਤੋਂ ਲੋਕ ਸਭਾ ਪਹੁੰਚਣ ਲਈ ਕੋਸ਼ਿਸ਼ 'ਚ ਹਨ।
 

ਇਹ ਪ੍ਰਮੁੱਖ ਚਿਹਰੇ ਵੀ ਹਨ ਮੈਦਾਨ 'ਚ 
ਇਨ੍ਹਾਂ ਤੋਂ ਇਲਾਵਾ ਸਪਾ ਦੇ ਆਜ਼ਮ ਖਾਨ, ਫਿਲਮ ਅਭਿਨੇਤਰੀ ਅਤੇ ਭਾਜਪਾ ਉਮੀਦਵਾਰ ਜਯਾ ਪ੍ਰਦਾ ਵੀ ਪ੍ਰਮੁੱਖ ਚਿਹਰਿਆਂ 'ਚ ਹਨ। ਉੱਤਰ ਗੋਆ 'ਚ ਕੇਂਦਰੀ ਆਊਸ਼ ਮੰਤਰੀ ਸ਼੍ਰੀਪਦ ਯੇਸੋ ਨਾਇਕ ਫਿਰ ਤੋਂ ਮੈਦਾਨ 'ਚ ਹਨ। ਬਿਹਾਰ 'ਚ 5 ਲੋਕ ਸਭਾ ਸੀਟਾਂ ਲਈ ਵੋਟਿੰਗ ਚੱਲ ਰਹੀ ਹੈ, ਜਿਨ੍ਹਾਂ 'ਚੋਂ 4 'ਤੇ ਮੌਜੂਦਾ ਸੰਸਦ ਮੈਂਬਰ ਪੱਪੂ ਯਾਦਵ (ਮਧੇਪੁਰਾ), ਉਨ੍ਹਾਂ ਦੀ ਪਤਨੀ ਰੰਜੀਤ ਰੰਜਨ (ਸੁਪੌਲ), ਸਰਫਰਾਜ਼ ਆਲਮ (ਅਰਰੀਆ) ਅਤੇ ਮਹਿਬੂਬ ਅਲੀ ਕੈਸਰ (ਖਗੜੀਆ) ਹਨ। ਓਡੀਸ਼ਾ ਦੀਆਂ 6 ਸੀਟਾਂ 'ਤੇ ਮੁੱਖ ਮੁਕਾਬਲਾ ਰਾਜ 'ਚ ਸੱਤਾਧਾਰੀ ਬੀਜਦ ਅਤੇ ਭਾਜਪਾ ਦਰਮਿਆਨ ਮੰਨਿਆ ਜਾ ਰਿਹਾ ਹੈ। 2014 ਦੀਆਂ ਚੋਣਾਂ 'ਚ ਇਹ ਸਾਰੀਆਂ ਸੀਟਾਂ ਬੀਜਦ ਦੇ ਖਾਤੇ 'ਚ ਗਈਆਂ ਸਨ। ਪੱਛਮੀ ਬੰਗਾਲ ਦੀ ਬਾਲੂਰਘਾਟ, ਮਾਲਦਾ ਉੱਤਰ, ਮਾਲਦਾ ਦੱਖਣ, ਜੰਗੀਪੁਰ ਅਤੇ ਮੁਰਸ਼ੀਦਾਬਾਦ 'ਚ ਤ੍ਰਿਣਮੂਲ ਕੰਗਰਸ ਦੇ ਮੁਕਾਬਲੇ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਤਾਲ ਠੋਕ ਰਹੇ ਹਨ। ਭਾਰਤ 'ਚ ਲੋਕ ਸਭਾ ਦੀਆਂ ਕੁੱਲ 543 ਸੀਟਾਂ ਲਈ 7 ਗੇੜਾਂ 'ਚ ਚੋਣਾਂ ਹੋ ਰਹੀਆਂ ਹਨ। 11 ਅਪ੍ਰੈਲ ਨੂੰ 91 ਅਤੇ 18 ਅਪ੍ਰੈਲ ਨੂੰ 96 ਸੀਟਾਂ 'ਤੇ ਵੋਟਿੰਗ ਹੋ ਚੁਕੀ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।


DIsha

Content Editor

Related News