ਕਿਤੇ ਮੁੰਬਈ ਨਾ ਬਣ ਜਾਵੇ 'ਵੁਹਾਨ', ਸਾਹਮਣੇ ਆਏ ਭਿਆਨਕ ਅੰਕੜੇ

04/24/2020 1:44:01 PM

ਮੁੰਬਈ-ਦੇਸ਼ 'ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ 1684 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਦੇਸ਼ 'ਚ ਪੀੜਤਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ ਜਦਕਿ 37 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦਾ ਅੰਕੜਾ 718 ਤੱਕ ਪਹੁੰਚ ਚੁੱਕਾ ਹੈ। ਇਸ ਦੌਰਾਨ ਭਿਆਨਕ ਸਥਿਤੀ ਮਹਾਰਾਸ਼ਟਰ ਸੂਬੇ ਦੀ ਸਾਹਮਣੇ ਆ ਰਹੀ ਹੈ, ਜਿੱਥੇ ਲਗਾਤਾਰ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਇਸ ਸੂਬੇ ਲਈ ਕਾਫੀ ਭਿਆਨਕ ਦਿਨ ਰਿਹਾ ਹੈ ਅਤੇ ਕਾਫੀ ਖਤਕਨਾਕ ਅੰਕੜੇ ਸਾਹਮਣੇ ਆ ਰਹੇ ਹਨ। ਇੱਥੇ ਇਕ ਦਿਨ 'ਚ 778 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸੂਬੇ 'ਚ ਇਨਫੈਕਟਡ ਮਾਮਲਿਆਂ ਦੀ ਗਿਣਤੀ 6427 ਤੱਕ ਪਹੁੰਚ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ 14 ਮੌਤਾਂ ਹੋਣ ਕਾਰਨ ਸੂਬੇ 'ਚ ਹੁਣ ਤੱਕ 283 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ 840 ਲੋਕ ਠੀਕ ਵੀ ਹੋਏ ਹਨ। ਮਹਾਰਾਸ਼ਟਰ 'ਚ ਕੋਰੋਨਾਵਾਇਰਸ ਦੇ ਸਾਹਮਣੇ ਆ ਰਹੇ ਅੰਕੜੇ ਕਾਫੀ ਖਤਰਨਾਕ ਹਨ। 

ਮੁੰਬਈ 'ਚ 2 ਦਿਨਾਂ ਦੌਰਾਨ 1000 ਨਵੇਂ ਮਾਮਲੇ-
ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਤੋਂ ਸਾਹਮਣੇ ਆ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਜ਼ਿਆਦਾ ਮਾਮਲੇ ਮੁੰਬਈ ਤੋਂ ਸਾਹਮਣੇ ਆ ਰਹੇ ਹਨ। ਮੁੰਬਈ 'ਚ ਬੀਤੇ 24 ਘੰਟਿਆਂ ਦੌਰਾਨ 522 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 6 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ 'ਚ 4205 ਇਕੱਲੇ ਮੁੰਬਈ ਤੋਂ ਹਨ। ਲਾਕਡਾਊਨ ਦੌਰਾਨ ਠੀਕ ਇਕ ਮਹੀਨੇ ਬਾਅਦ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6427 ਤੱਕ ਪਹੁੰਚ ਗਈ ਹੈ। ਮੁੰਬਈ 'ਚ 2 ਦਿਨਾਂ ਦੌਰਾਨ 1000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਲਗਾਤਾਰ ਇੱਥੋ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਜਿਹੀ ਹੀ ਸਥਿਤੀ ਚੀਨ ਦੇ ਵੁਹਾਨ ਸ਼ਹਿਰ ਦੀ ਸੀ। ਵੁਹਾਨ ਚੀਨ ਦਾ ਉਹ ਸ਼ਹਿਰ ਹੈ, ਜਿੱਥੇ ਕੋਰੋਨਾਵਾਇਰਸ ਬੀਮਾਰੀ ਸ਼ੁਰੂ ਹੋਈ ਸੀ। 

ਧਾਰਾਵੀ ਝੁੱਗੀ ਮਾਮਲੇ-
ਇਸ ਤੋਂ ਇਲਾਵਾ ਏਸ਼ੀਆ ਦੇ ਸਭ ਤੋਂ ਵੱਡੀ ਝੁੱਗੀ ਧਾਰਾਵੀ (ਮੁੰਬਈ) 'ਚ ਬੁੱਧਵਾਰ ਨੂੰ ਕੋਰੋਨਾ ਦੇ 25 ਨਵੇਂ ਮਾਮਲੇ ਸਾਹਮਣੇ ਆਏ। ਧਾਰਾਵੀ 'ਚ ਹੁਣ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 214 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਧਾਰਾਵੀ 'ਚ ਹੁਣ ਤੱਕ 13 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਇਕ ਹੋਰ ਮੌਤ ਹੋਈ ਸੀ। ਦੱਸਣਯੋਗ ਹੈ ਕਿ ਧਾਰਾਵੀ ਮੁੰਬਈ 'ਚ 15 ਲੱਖ ਲੋਕਾਂ ਦੀ ਸੰਘਣੀ ਆਬਾਦੀ ਵਾਲਾ ਖੇਤਰ ਹੈ ਜੋ 613 ਹੈਕਟੇਅਰ 'ਚ ਫੈਲਿਆ ਹੈ। ਧਾਰਾਵੀ 'ਚ ਲੱਖਾਂ ਦੀ ਗਿਣਤੀ 'ਚ ਦਿਹਾੜੀ ਮਜ਼ਦੂਰ ਅਤੇ ਛੋਟੇ ਕਾਰੋਬਾਰੀ ਰਹਿੰਦੇ ਹਨ। 

ਇਹ ਵੀ ਪੜ੍ਹੋ-  ਦੇਸ਼ 'ਚ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 23 ਹਜ਼ਾਰ ਤੋਂ ਪਾਰ, ਜਾਣੋ ਸੂਬਿਆਂ ਦੀ ਸਥਿਤੀ


Iqbalkaur

Content Editor

Related News