LoC ਪਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਭੇਜਿਆ ਗਿਆ ਵਾਪਸ : ਫ਼ੌਜ
Friday, Jun 19, 2026 - 10:17 AM (IST)
ਸ਼੍ਰੀਨਗਰ- ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਪਾਰ ਕਰਨ ਤੋਂ ਬਾਅਦ ਫੜੇ ਗਏ ਇਕ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ। ਫੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ ਸਥਿਤ ਚਿਨਾਰ ਕੋਰ ਦੇ ਅਨੁਸਾਰ, ਖੈਬਰ ਪਖਤੂਨਖਵਾ ਦੇ ਰਹਿਣ ਵਾਲੇ ਅਸਦ ਖਾਨ ਵਜੋਂ ਪਛਾਣੇ ਗਏ ਵਿਅਕਤੀ ਨੂੰ 18 ਜੂਨ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ। ਖਾਨ ਨੂੰ 12 ਜੂਨ ਨੂੰ ਕੁਪਵਾੜਾ ਦੇ ਸਿਮਰੀ ਪਿੰਡ ਦੇ ਨੇੜੇ ਸ਼ੱਕੀ ਹਾਲਾਤ 'ਚ ਕੰਟਰੋਲ ਰੇਖਾ ਪਾਰ ਕਰਨ ਤੋਂ ਬਾਅਦ ਫੜਿਆ ਗਿਆ ਸੀ।
ਚਿਨਾਰ ਕੋਰ ਨੇ ਸੋਸ਼ਲ ਮੀਡੀਆ 'ਤੇ ਕਿਹਾ,"ਭਾਰਤ 'ਚ ਰਹਿਣ ਦੌਰਾਨ, ਅਸਦ ਖਾਨ ਨਾਲ ਸਨਮਾਨ ਅਤੇ ਹਮਦਰਦੀ ਨਾਲ ਰਵੱਈਆ ਕੀਤਾ ਗਿਆ, ਜੋ ਕਿ ਮਨੁੱਖੀ ਕਦਰਾਂ-ਕੀਮਤਾਂ ਅਤੇ ਆਚਰਣ ਪ੍ਰਤੀ ਭਾਰਤੀ ਫੌਜ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਸ ਦੀ ਸੁਰੱਖਿਅਤ ਵਾਪਸੀ ਭਾਰਤੀ ਫ਼ੌਜ ਦੀ ਨੈਤਿਕਤਾ, ਜ਼ਿੰਮੇਵਾਰੀ ਅਤੇ ਫੌਜੀ ਪੇਸ਼ੇਵਰਤਾ ਦੇ ਉੱਚ ਮਿਆਰਾਂ ਦੀਆਂ ਪਾਲਣਾ ਨੂੰ ਉਜਾਗਰ ਕਰਦੀ ਹੈ।''

ਅਧਿਕਾਰੀਆਂ ਨੇ ਕਿਹਾ ਕਿ ਨਾਗਰਿਕ, ਪੁਲਸ ਅਤੇ ਫ਼ੌਜ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਟੀਟਵਾਲ ਬਰਿੱਜ 'ਤੇ ਖਾਨ ਨੂੰ ਪਾਕਿਸਤਾਨ ਨੂੰ ਸੌਂਪਿਆ ਗਿਆ। ਇਸ ਤੋਂ ਪਹਿਲਾਂ, ਫ਼ੌਜ ਨੇ ਕਿਹਾ ਸੀ ਕਿ ਵਿਸ਼ੇਸ਼ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਫ਼ੌਜੀਆਂ ਨੇ ਜੰਮੂ ਕਸ਼ਮੀਰ ਪੁਲਸ ਨਾਲ ਇਕ ਸਾਂਝੀ ਮੁਹਿੰਮ 'ਚ ਸੰਭਾਵਿਤ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਪਾਕਿਸਤਾਨੀ ਨਾਗਰਿਕ ਨੂੰ ਰੋਕਿਆ ਅਤੇ ਫੜ ਲਿਆ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਉਸ ਤੋਂ ਪੁੱਛ-ਗਿੱਛ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
