ਸ਼ਰਾਬ ਘਪਲਾ ਕੇਸ: ED ਨੇ ਝਾਰਖੰਡ ਦੇ ਵਿੱਤ ਮੰਤਰੀ ਦੇ ਪੁੱਤਰ ਦੇ ਟਿਕਾਣਿਆਂ ''ਤੇ ਮਾਰੇ ਛਾਪੇ

Wednesday, Aug 23, 2023 - 12:25 PM (IST)

ਰਾਂਚੀ- ਝਾਰਖੰਡ 'ਚ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਸੂਬੇ ਦੇ ਵਿੱਤ ਮੰਤਰੀ ਰਾਮੇਸ਼ਵਰ ਉਰਾਂਵ ਦੇ ਪੁੱਤਰ ਰੋਹਿਤ ਅਤੇ ਕੁਝ ਹੋਰ ਲੋਕਾਂ ਨਾਲ ਜੁੜੇ ਕੰਪਲੈਕਸਾਂ 'ਤੇ ਬੁੱਧਵਾਰ ਨੂੰ ਛਾਪੇ ਮਾਰੇ। ਸੂਤਰਾਂ ਮੁਤਾਬਕ ਈ. ਡੀ. ਦੇ ਅਧਿਕਾਰੀ ਸੀ. ਆਰ. ਪੀ. ਐੱਫ. ਦੇ ਸੁਰੱਖਿਆ ਘੇਰੇ ਨਾਲ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਲਾਵਾ ਦੁਮਕਾ, ਦੇਵਘਰ ਅਤੇ ਗੋਂਡਾ ਜ਼ਿਲ੍ਹਿਆਂ 'ਚ ਲੱਗਭਗ 34 ਕੰਪਲੈਕਸਾਂ ਦੀ ਤਲਾਸ਼ੀ ਲੈ ਰਹੇ ਹਨ।

ਸੂਤਰਾਂ ਨੇ ਦੱਸਿਆ ਕਿ ਪਿਤਾ ਅਤੇ ਪੁੱਤਰ ਇਕ ਹੀ ਥਾਂ 'ਤੇ ਰਹਿੰਦੇ ਹਨ, ਇਸ ਲਈ ਵਿੱਤ ਮੰਤਰੀ ਦੇ ਕੰਪਲੈਕਸ 'ਤੇ ਵੀ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ। ਅਧਿਕਾਰੀਆਂ ਮੁਤਾਬਕ ਕੁਝ ਸ਼ਰਾਬ ਕਾਰੋਬਾਰੀਆਂ ਦੇ ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਰਾਮੇਸ਼ਵਰ ਓਰਾਂਵ ਝਾਰਖੰਡ ਦਜੇ ਲੋਹਰਦਗਾ (ਅਨੁਸੂਚਿਤ ਜਨਜਾਤੀ) ਵਿਧਾਨ ਸਭਾ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਇਸ ਸੀਟ 'ਤੇ ਜਿੱਤ ਦਰਜ ਕੀਤੀ ਸੀ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਚ ਉਹ ਵਿੱਤ, ਯੋਜਨਾ ਅਤੇ ਵਣਜ ਟੈਕਸ ਵਿਭਾਗ ਸੰਭਾਲਦੇ ਹਨ। ਰਾਮੇਸ਼ਵਰ 1972 ਬੈਚ ਦੇ ਸੇਵਾਮੁਕਤ ਭਾਰਤੀ ਪੁਲਸ ਸੇਵਾ (IPS) ਅਧਿਕਾਰੀ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਸੂਤਰਾਂ ਮੁਤਾਬਕ ਜਾਂਚ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ (PMLA) ਦੀਆਂ  ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਹੈ।


Tanu

Content Editor

Related News