ਠਾਣੇ ''ਚ ਲਿਫ਼ਟ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 7 ਹੋਈ, ਮਾਮਲਾ ਦਰਜ
Monday, Sep 11, 2023 - 10:09 AM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਨਿਰਮਾਣ ਅਧੀਨ 40 ਮੰਜ਼ਿਲਾ ਇਮਾਰਤ ਦੀ ਲਿਫ਼ਟ ਡਿੱਗਣ ਦੀ ਘਟਨਾ 'ਚ ਇਕ ਹੋਰ ਮਜ਼ਦੂਰ ਦੀ ਮੌਤ ਹੋਣ ਨਾਲ ਇਸ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਦੱਸਿਆ ਕਿ ਐਤਵਾਰ ਸ਼ਾਮ ਹੋਏ ਹਾਦਸੇ ਤੋਂ ਬਾਅਦ ਮਜ਼ਦੂਰ ਸੁਨੀਲ ਕੁਮਾਰ (21) ਨੂੰ ਇਮਾਰਤ ਦੀ ਬੇਸਮੈਂਟ ਪਾਰਕਿੰਗ ਤੋਂ ਜਿਊਂਦੇ ਕੱਢਿਆ ਗਿਆ ਸੀ। ਕੁਮਾਰ ਨੂੰ ਇਕ ਹਸਪਤਾਲ 'ਚ ਲਿਜਾਇਆ ਗਿਆ ਸੀ, ਜਿੱਥੇ ਐਤਵਾਰ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਪੁਰਬਾਵੜੀ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਉੱਤਮ ਸੋਨਵਣੇ ਨੇ ਦੱਸਿਆ ਕਿ ਠੇਕੇਦਾਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 304 (2) (ਜਲਦਬਾਜ਼ੀ ਅਤੇ ਲਾਪਰਵਾਰੀ ਨਾਲ ਕੀਤਾ ਗਿਆ ਕੰਮ), 337 (ਦੂਜਿਆਂ ਦੀ ਨਿੱਜੀ ਸੁਰੱਖਿਆ ਜਾਂ ਜੀਵਨ ਨੂੰ ਖ਼ਤਰੇ 'ਚ ਪਾ ਕੇ ਨੁਕਸਾਨ ਪਹੁੰਚਾਉਣਾ) ਅਤੇ 338 (ਦੂਜੇ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ 'ਚ ਪਾ ਕੇ ਗੰਭੀਰ ਸੱਟ ਪਹੁੰਚਾਉਣਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇੱਥੇ ਘੋਡਬੰਦਰ ਰੋਡ 'ਤੇ ਬਾਲਕੁਮ ਇਲਾਕੇ 'ਚ ਸਥਿਤ 40 ਮੰਜ਼ਿਲਾ ਇਮਾਰਤ ਦੇ ਨਿਮਾਣ ਕੰਮਾਂ ਲਈ ਬਣਾਈ ਲਿਫ਼ਟ ਐਤਵਾਰ ਸ਼ਾਮ ਡਿੱਗ ਗਈ ਸੀ। ਤੜਵੀ ਨੇ ਐਤਵਾਰ ਨੂੰ ਦੱਸਿਆ ਨੂੰ ਦੱਸਿਆ ਸੀ ਕਿ ਇਹ ਨਿਰਮਾਣ ਕੰਮਾਂ ਲਈ ਬਣਾਈ ਗਈ ਲਿਫ਼ਟ ਸੀ, ਨਾ ਕਿ ਨਿਯਮਿਤ ਲਿਫ਼ਟ। ਉਨ੍ਹਾਂ ਕਿਹਾ ਸੀ,''ਮਜ਼ਦੂਰਾਂ ਨੇ 40ਵੀਂ ਮੰਜ਼ਿਲ 'ਤੇ ਵਾਟਰ ਪਰੂਫਿੰਗ ਦਾ ਕੰਮ ਪੂਰਾ ਕਰ ਲਿਆ ਸੀ ਅਤੇ ਲਿਫ਼ਟ 'ਚ ਪ੍ਰਵੇਸ਼ ਕੀਤਾ ਸੀ, ਉਦੋਂ ਸ਼ਾਮ 4.30 ਵਜੇ ਲਿਫ਼ਟ ਹਾਦਸੇ ਦਾ ਸ਼ਿਕਾਰ ਹੋ ਕੇ ਪੀ3 (ਪਾਰਕਿੰਗ 'ਚ ਤੀਜੇ ਪੱਧਰ ਦੇ ਭੂਮੀਗਤ ਖੇਤਰ) 'ਚ ਜਾ ਡਿੱਗੀ)।'' ਤੜਵੀ ਅਨੁਸਾਰ, ਪਹਿਲੇ ਦ੍ਰਿਸ਼ ਅਜਿਹਾ ਲੱਗਦਾ ਹੈ ਕਿ ਲਿਫ਼ਟ ਦੀ ਇਕ ਸਹਾਇਕ ਕੇਬਲ ਟੁੱਟ ਗਈ, ਜਿਸ ਕਾਰਨ ਇਹ ਹਾਦਸਾ ਹੋਇਆ। ਉਨ੍ਹਾਂ ਦੱਸਿਆ ਕਿ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਅਤੇ ਫਾਇਰ ਬ੍ਰਿਗੇਡ ਕਰਮੀਆਂ ਦਾ ਇਕ ਦਲ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਭੂਮੀਗਤ ਪਾਰਕਿੰਗ ਤੋਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਤੜਵੀ ਅਨੁਸਾਰ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲਿਫ਼ਟ ਦੀ ਕੇਬਲ ਕਿਵੇਂ ਟੁੱਟੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8