ਉੱਤਰਾਖੰਡ ਦੇ ਪੌੜੀ ''ਚ ਆਦਮਖੋਰ ਤੇਂਦੁਏ ਨੂੰ ਪਿੰਡ ਵਾਸੀਆਂ ਨੇ ਜਿਊਂਦੇ ਸਾੜਿਆ
Wednesday, May 25, 2022 - 05:42 PM (IST)
ਰਿਸ਼ੀਕੇਸ਼ (ਭਾਸ਼ਾ)- ਉੱਤਰਾਖੰਡ ਦੇ ਪੌੜੀ ਜ਼ਿਲ੍ਹੇ 'ਚ ਹਾਲ ਹੀ ਵਿਚ ਇਕ ਔਰਤ ਨੂੰ ਮਾਰਨ ਵਾਲੇ ਆਦਮਖੋਰ ਤੇਂਦੁਏ ਨੂੰ ਮੰਗਲਵਾਰ ਨੂੰ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਜਿਊਂਦਾ ਸਾੜ ਦਿੱਤਾ। ਗੜ੍ਹਵਾਲ ਸਰਕਲ ਦੇ ਜੰਗਲਾਤ ਰੱਖਿਅਕ ਨਿਤਿਆਨੰਦ ਪਾਂਡੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਾਬੌ ਵਿਕਾਸ ਬਲਾਕ ਦੇ ਪਿੰਡ ਸਪਲੋਦੀ ਪਿੰਡ 'ਚ ਪਿੰਜਰੇ 'ਚ ਕੈਦ 7 ਸਾਲਾ ਨਰ ਤੇਂਦੁਏ ਨੂੰ ਜਿਊਂਦੇ ਸਾੜਨ ਦੀ ਘਟਨਾ ਲਈ ਪਿੰਡ ਵਾਸੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਅਜਿਹੀ ਹੀ ਇਕ ਘਟਨਾ ਕੁਝ ਸਾਲ ਪਹਿਲਾਂ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਹੀ ਬੀਰੋਂਖਾਲ ਬਲਾਕ ਵਿਚ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਬੀਤੀ 15 ਮਈ ਨੂੰ ਪਿੰਡ ਸਪਲੋਦੀ ਦੀ ਸੁਸ਼ਮਾ ਦੇਵੀ 'ਤੇ ਇਕ ਤੇਂਦੁਏ ਨੇ ਹਮਲਾ ਕਰ ਦਿੱਤਾ ਸੀ, ਜਿਸ 'ਚ ਉਸ ਦੀ ਮੌਤ ਹੋ ਗਈ ਸੀ। ਉਸੇ ਦਿਨ ਪਿੰਡ ਕੋਲ ਤੇਂਦੁਏ ਫੜਨ ਲਈ ਪਿੰਜਰਾ ਲਗਾਇਆ ਗਿਆ ਸੀ, ਜਿਸ 'ਚ 20 ਮਈ ਨੂੰ ਕੈਦ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਤੇਂਦੁਏ ਦੇ ਫੜੇ ਜਾਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਜੰਗਲਾਤ ਕਰਮਚਾਰੀਆਂ ਦੇ ਵਿਰੋਧ ਦੇ ਬਾਵਜੂਦ ਘਾਹ ਸੁੱਟ ਕੇ ਪਿੰਜਰੇ 'ਚ ਬੰਦ ਤੇਂਦੁਏ ਨੂੰ ਸਾੜ ਦਿੱਤਾ। ਪਾਂਡੇ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸੰਬੰਧਤ ਪਿੰਡ ਦੇ ਮੁਖੀ ਸਮੇਤ 150 ਲੋਕਾਂ ਦੇ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।