ਆਨਲਾਈਨ ਸ਼ਾਪਿੰਗ ਪਈ ਮਹਿੰਗੀ, ਲੈਪਟਾਪ ਦੀ ਜਗ੍ਹਾ ਡੱਬੇ ’ਚੋਂ ਨਿਕਲੇ ਘੁੰਗਰੂ
Monday, Jan 16, 2023 - 12:41 PM (IST)
ਬਿਲਾਸਪੁਰ (ਅੰਜਲੀ)- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਇਕ ਨੌਜਵਾਨ ਨੂੰ ਆਨਲਾਈਨ ਸ਼ਾਪਿੰਗ ਕਰਨੀ ਮਹਿੰਗੀ ਪੈ ਗਈ। ਗ੍ਰਾਮ ਪੰਚਾਇਤ ਬਰਮਾਣਾ ਦੇ ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੇ ਐਮਾਜ਼ਾਨ ਐਪ ਤੋਂ ਲੈਪਟਾਪ ਅਤੇ ਇਸ ਦਾ ਬੈਗ, ਕੀ-ਬੋਰਡ ਅਤੇ ਮਾਊਸ ਆਰਡਰ ਕੀਤਾ ਸੀ, ਜਿਸ ਦੀ ਕੁੱਲ ਕੀਮਤ 65,000 ਰੁਪਏ ਸੀ। ਕੀਮਤ ਅਦਾ ਕਰਨ ਲਈ ਉਸ ਨੇ ਆਪਣੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਭੁਗਤਾਨ ਕੀਤਾ ਸੀ। ਜਦੋਂ ਕੋਰੀਅਰ ਏਜੰਟ ਨੇ ਵਿਕਾਸ ਸ਼ਰਮਾ ਨੂੰ ਪੈਕੇਟ ਸੌਂਪਿਆ ਤਾਂ ਲੈਪਟਾਪ ਦੀ ਬਜਾਏ ਉਸ 'ਚੋਂ ਘੁੰਗਰੂ ਨਿਕਲੇ।
ਵਿਕਾਸ ਨੇ ਇਸ ਸਬੰਧੀ ਐਮਾਜ਼ਾਨ ਕੰਪਨੀ ਦੀ ਹੈਲਪਲਾਈਨ ’ਤੇ ਸ਼ਿਕਾਇਤ ਕਰਨੀ ਚਾਹੀ ਪਰ ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਕੋਈ ਮਦਦ ਨਹੀਂ ਕਰ ਸਕਦੇ। ਜਦੋਂ ਕੰਪਨੀ ਦੇ ਅਧਿਕਾਰੀਆਂ ਨੇ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਇਆ ਤਾਂ ਉਸ ਨੇ ਐੱਸ. ਪੀ. ਬਿਲਾਸਪੁਰ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਜੋ ਇਸ ਠੱਗੀ ਦੀ ਜਾਂਚ ਕੀਤੀ ਜਾ ਸਕੇ।