ਲਾਲੂ ਨੂੰ ਸੁਰੱਖਿਆ ਦੀ ਕੀ ਲੋੜ, ਉਨ੍ਹਾਂ ਕੋਲੋਂ ਤਾਂ ਸਾਰਾ ਦੇਸ਼ ਡਰਦਾ ਹੈ : ਪਾਸਵਾਨ

11/29/2017 11:56:37 AM

ਪਟਨਾ—ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ੈੱਡ ਪਲੱਸ ਸ਼੍ਰੇਣੀ 'ਚ ਕਟੌਤੀ ਕੀਤੇ ਜਾਣ 'ਤੇ ਮੰਗਲਵਾਰ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਤਾਂ ਦੇਸ਼ ਡਰਦਾ ਹੈ, ਇਸ ਲਈ ਉਨ੍ਹਾਂ ਨੂੰ ਸੁਰੱਖਿਆ ਦੀ ਕੀ ਲੋੜ ਹੈ?
ਇਥੇ ਆਪਣੀ ਪਾਰਟੀ ਦੇ 18ਵੇਂ ਸਥਾਪਨਾ ਦਿਵਸ ਸਮਾਰੋਹ 'ਚ ਬੋਲਦਿਆਂ ਪਾਸਵਾਨ ਨੇ ਕਿਹਾ ਕਿ ਲਾਲੂ ਆਪਣੀ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਹਟਾਏ ਜਾਣ 'ਤੇ ਐਵੇਂ ਹੀ ਰੌਲਾ ਪਾ ਰਹੇ ਹਨ। ਮੈਨੂੰ ਵੀ ਪਹਿਲਾਂ ਜ਼ੈੱਡ ਪਲੱਸ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਨੂੰ ਹਟਾ ਕੇ ਜ਼ੈੱਡ ਸ਼੍ਰੇਣੀ ਦੀ ਕਰ ਦਿੱਤਾ ਗਿਆ ਪਰ ਮੈਂ ਕਦੇ ਵੀ ਰੌਲਾ ਨਹੀਂ ਪਾਇਆ। ਲਾਲੂ ਸਿਰਫ ਸੁਰਖੀਆਂ 'ਚ ਟਿਕੇ ਰਹਿਣ ਲਈ ਨਾਟਕ ਕਰਦੇ ਰਹਿੰਦੇ ਹਨ। ਅਜੇ ਵੀ ਲਾਲੂ ਕੋਲ ਢੁਕਵੀਂ ਸੁਰੱਖਿਆ ਹੈ। ਦੂਜੀ ਗੱਲ ਇਹ ਵੀ ਹੈ ਕਿ ਕੇਂਦਰ ਅਤੇ ਬਿਹਾਰ 'ਚ ਵਧੀਆ ਰਾਜ ਪ੍ਰਬੰਧ ਹੈ। ਇਸ ਲਈ ਲਾਲੂ ਨੂੰ ਡਰਨ ਦੀ ਕੀ ਲੋੜ ਹੈ? 
ਕੇਂਦਰੀ ਮੰਤਰੀ ਅਲਫੋਂਸ ਨੇ ਵਾਈ ਸ਼੍ਰੇਣੀ ਦੀ ਸੁਰੱਖਿਆ ਛੱਡੀ-ਓਧਰ ਕੇਂਦਰੀ ਸੈਰ-ਸਪਾਟਾ ਅਤੇ ਟੈਕਨਾਲੋਜੀ ਮੰਤਰੀ ਅਲਫੋਂਸ ਨੇ ਆਪਣੀ ਵਾਈ ਸ਼੍ਰੇਣੀ ਦੀ ਸੁਰੱਖਿਆ ਛੱਡ ਦਿੱਤੀ ਹੈ। ਉਨ੍ਹਾਂ ਦੇ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਅਲਫੋਂਸ ਆਪਣੀ ਨਿੱਜੀ ਸੁਰੱਖਿਆ ਨਾਲ ਹੀ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਦੇ ਇਕ ਨੇੜਲੇ ਅਧਿਕਾਰੀ ਨੇ ਦੱਸਿਆ ਕਿ ਅਲਫੋਂਸ ਸਮਝਦੇ ਹਨ ਕਿ ਵਾਧੂ ਸੁਰੱਖਿਆ ਲੈਣ ਦਾ ਮਤਲਬ ਸਰਕਾਰੀ ਖਜ਼ਾਨੇ 'ਤੇ ਭਾਰ ਪਾਉਣ ਦੇ ਬਰਾਬਰ ਹੈ। ਉਹ ਸਫਰ ਦੌਰਾਨ ਵੀ ਸਰਕਾਰੀ ਗੈਸਟ ਹਾਊਸ 'ਚ ਹੀ ਠਹਿਰਦੇ ਹਨ।


Related News