ਮੁਸਲਮਾਨਾਂ ਨੂੰ ਮਿਲਣਾ ਚਾਹੀਦੈ ਰਾਖਵਾਂਕਰਨ : ਲਾਲੂ
Wednesday, May 08, 2024 - 12:46 PM (IST)

ਪਟਨਾ, (ਅਨਸ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਮੁਸਲਮਾਨਾਂ ਨੂੰ ਰਾਖਵੇਂਕਰਨ ਦਾ ਲਾਭ ਦੇਣ ਦੇ ਪੱਖ ’ਚ ਹਨ। ਲਾਲੂ ਨੇ ਮੁਸਲਮਾਨਾਂ ਨੂੰ ਰਾਖਵੇਂਕਰਨ ਦੇ ਲਾਭ ਦੀ ਵਕਾਲਤ ਕਰਦੇ ਹੋਏ ਦੋਸ਼ ਲਾਇਆ ਕਿ ਕੇਂਦਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਵਿਧਾਨ ਅਤੇ ਲੋਕਤੰਤਰ ਨੂੰ ਤਬਾਹ ਕਰ ਕੇ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੀ ਹੈ।
ਲਾਲੂ ਪ੍ਰਸਾਦ ਇਥੇ ਵਿਧਾਨ ਪ੍ਰੀਸ਼ਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਅਤੇ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਹ ਗੱਲ ਲੋਕਾਂ ਦੇ ਧਿਆਨ ਵਿਚ ਆ ਗਈ ਹੈ। ਲਾਲੂ ਪ੍ਰਸਾਦ ਯਾਦਵ ਵਿਧਾਨ ਪ੍ਰੀਸ਼ਦ ਕੰਪਲੈਕਸ ਵਿਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋ ਰਹੇ ਸਨ, ਜਿੱਥੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੇ ਵਿਧਾਨ ਪ੍ਰੀਸ਼ਦ (ਐੱਮ. ਐੱਲ. ਸੀ.) ਵਜੋਂ ਸਹੁੰ ਚੁੱਕੀ। ਦੂਜੇ ਪਾਸੇ ਭਾਜਪਾ ਨੇ ਦੋਸ਼ ਲਾਇਆ ਕਿ ਮੁਸਲਿਮ ਰਾਖਵੇਂਕਰਨ ’ਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਟਿੱਪਣੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੱਤਾ ’ਚ ਆਉਣ ’ਤੇ ਵਿਰੋਧੀ ਗੱਠਜੋੜ ‘ਇੰਡੀਆ’ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਬਦਲ ਕੇ ਘੱਟ ਗਿਣਤੀ ਭਾਈਚਾਰੇ ਨੂੰ ਰਾਖਵਾਂਕਰਨ ਮੁਹੱਈਆ ਕਰਵਾਏਗਾ।
ਲਾਲੂ ਪ੍ਰਸਾਦ ਨੇ ਕਿਹਾ ਕਿ ਮੁਸਲਮਾਨਾਂ ਲਈ ਰਾਖਵਾਂਕਰਨ ਸਮਾਜਿਕ ਪਛੜੇਪਣ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ ਨਾ ਕਿ ਧਰਮ ਦੇ ਆਧਾਰ ’ਤੇ।