ਸਮ੍ਰਿਤੀ ਈਰਾਨੀ ਨਾਲੋਂ ਦੁੱਗਣੀ ਜਾਇਦਾਦ ਦੀ ਮਾਲਕਣ ਲਾਲੂ ਯਾਦਵ ਦੀ ਬੇਟੀ ਰੋਹਿਣੀ

Wednesday, May 01, 2024 - 10:50 AM (IST)

ਸਮ੍ਰਿਤੀ ਈਰਾਨੀ ਨਾਲੋਂ ਦੁੱਗਣੀ ਜਾਇਦਾਦ ਦੀ ਮਾਲਕਣ ਲਾਲੂ ਯਾਦਵ ਦੀ ਬੇਟੀ ਰੋਹਿਣੀ

ਨੈਸ਼ਨਲ ਡੈਸਕ- ਬਿਹਾਰ ਦੀ ਸਾਰਨ ਸੀਟ ਤੋਂ ਚੋਣ ਲੜ ਰਹੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਧੀ ਰੋਹਿਣੀ ਯਾਦਵ ਕੇਂਦਰੀ ਮੰਤਰੀ ਅਤੇ ਅਮੇਠੀ ਤੋਂ ਭਾਜਪਾ ਦੀ ਉਮੀਦਵਾਰ ਸਮ੍ਰਿਤੀ ਈਰਾਨੀ ਨਾਲੋਂ ਦੁੱਗਣੀ ਜਾਇਦਾਦ ਦੀ ਮਾਲਕਣ ਹੈ। ਸਮ੍ਰਿਤੀ ਈਰਾਨੀ ਕੋਲ 8.75 ਕਰੋੜ ਰੁਪਏ ਦੀ ਜਾਇਦਾਦ ਹੈ ਜਦੋਂ ਕਿ ਉਨ੍ਹਾਂ ਦੇ ਪਤੀ ਦੀ ਕੁੱਲ ਜਾਇਦਾਦ 8.81 ਕਰੋੜ ਰੁਪਏ ਹੈ ਅਤੇ ਦੋਵਾਂ ਦੀ ਕੁੱਲ ਜਾਇਦਾਦ 17.56 ਕਰੋੜ ਰੁਪਏ ਹੈ ਜਦੋਂਕਿ ਰੋਹਿਣੀ ਅਚਾਰੀਆ ਕੋਲ 15.82 ਕਰੋੜ ਰੁਪਏ ਅਤੇ ਉਨ੍ਹਾਂ ਦੇ ਪਤੀ ਦੀ ਕੁੱਲ ਜਾਇਦਾਦ 19.86 ਕਰੋੜ ਰੁਪਏ ਹੈ। ਉਨ੍ਹਾਂ ਕੋਲ ਕੁੱਲ 35.68 ਕਰੋੜ ਰੁਪਏ ਦੀ ਜਾਇਦਾਦ ਹੈ।

ਸਮ੍ਰਿਤੀ ਈਰਾਨੀ ’ਤੇ 16 ਲੱਖ ਰੁਪਏ ਦਾ ਕਰਜ਼ਾ

ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਦਿੱਤੇ ਗਏ ਹਲਫਨਾਮੇ ’ਚ ਸਮ੍ਰਿਤੀ ਈਰਾਨੀ ਨੇ ਕੁੱਲ 3,08,94,296 ਰੁਪਏ ਦੀ ਚੱਲ ਅਤੇ 5,66.30,000 ਰੁਪਏ ਦੀ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ, ਜਦਕਿ ਉਨ੍ਹਾਂ ਦੇ ਪਤੀ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 8.81 ਕਰੋੜ ਰੁਪਏ ਦੱਸੀ ਗਈ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਸਮ੍ਰਿਤੀ ਦੀ ਕੁੱਲ ਜਾਇਦਾਦ 4.71 ਕਰੋੜ ਰੁਪਏ ਅਤੇ ਉਨ੍ਹਾਂ ਦੇ ਪਤੀ ਦੀ ਜਾਇਦਾਦ 4.67 ਕਰੋੜ ਰੁਪਏ ਸੀ। ਇਸ ਹਿਸਾਬ ਨਾਲ ਸਮ੍ਰਿਤੀ ਦੀ ਜਾਇਦਾਦ 5 ਸਾਲ ਵਿਚ 4 ਕਰੋੜ, 4 ਲੱਖ, 22 ਹਜ਼ਾਰ, 348 ਰੁਪਏ ਵਧੀ ਹੈ ਅਤੇ ਉਨ੍ਹਾਂ ਦੇ ਪਤੀ ਦੀ ਜਾਇਦਾਦ ਵਿਚ 4 ਕਰੋੜ, 14 ਲੱਖ, 19 ਹਜ਼ਾਰ, 976 ਰੁਪਏ ਦਾ ਵਾਧਾ ਹੋਇਆ ਹੈ। ਸਮ੍ਰਿਤੀ ਈਰਾਨੀ ’ਤੇ ਬੈਂਕ ਲੱਗਭਗ ਸਾਢੇ 16 ਲੱਖ ਰੁਪਏ ਦਾ ਕਰਜ਼ਾ ਹੈ। 2019 ਵਿਚ ਦਾਖਲ ਹਲਫਨਾਮੇ ਵਿਚ ਉਨ੍ਹਾਂ ਦੇ ਉੱਪਰ ਕੋਈ ਵੀ ਕਰਜ਼ਾ ਨਹੀਂ ਸੀ।

ਰੋਹਿਣੀ ਆਚਾਰਿਆ ਕੋਲ 33 ਲੱਖ ਤੋਂ ਜ਼ਿਆਦਾ ਦੇ ਗਹਿਣੇ

ਬਿਹਾਰ ਦੀ ਸਾਰਨ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਰੋਹਿਣੀ ਆਚਾਰਿਆ ਨੇ ਉਨ੍ਹਾਂ ਕੋਲ 2.99 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ ਅਤੇ 12.82 ਕਰੋੜ ਰੁਪਏ ਦੀ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਪਤੀ ਕੋਲ 6.92 ਕਰੋੜ ਰੁਪਏ ਦੀ ਚੱਲ ਅਤੇ 12.94 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 20 ਲੱਖ ਰੁਪਏ ਨਕਦ ਹਨ ਜਦਕਿ ਉਨ੍ਹਾਂ ਦੇ ਪਤੀ ਕੋਲ 10 ਲੱਖ ਰੁਪਏ ਨਕਦ ਹਨ। ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਅਚਾਰੀਆ ਦੇ ਪੰਜ ਬੈਂਕ ਖਾਤੇ ਹਨ ਅਤੇ 29.70 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 3.85 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਹਨ, ਜਦੋਂ ਕਿ ਉਨ੍ਹਾਂ ਦੇ ਪਤੀ ਦੇ 7 ਬੈਂਕ ਖਾਤੇ ਹਨ ਅਤੇ 23.40 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 2.80 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਹਨ। ਹਲਫਨਾਮੇ ਦੇ ਅਨੁਸਾਰ ਆਚਾਰਿਆ ਦੀ ਅਚੱਲ ਜਾਇਦਾਦ ਵਿਚ ਪਟਨਾ ਵਿਚ ਸਥਿਤ ਇਕ ਵਪਾਰਕ ਜਾਇਦਾਦ ਵੀ ਸ਼ਾਮਲ ਹੈ ਜਿਸਦੀ ਕੀਮਤ 68.62 ਲੱਖ ਰੁਪਏ ਹੈ।


author

Tanu

Content Editor

Related News