ਲਲਿਤਪੁਰ ਕੇਸ: ਥਾਣੇ ’ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲਾ SHO ਗ੍ਰਿਫਤਾਰ

Thursday, May 05, 2022 - 11:53 AM (IST)

ਲਲਿਤਪੁਰ ਕੇਸ: ਥਾਣੇ ’ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲਾ SHO ਗ੍ਰਿਫਤਾਰ

ਲਖਨਊ– ਉੱਤਰ ਪ੍ਰਦੇਸ਼ ਦੇ ਲਲਿਤਪੁਰ ’ਚ ਪੁਲਸ ਨੇ ਅਜਿਹਾ ਘਿਨੌਣਾ ਕਾਂਡ ਕੀਤਾ ਹੈ, ਜਿਸ ਨਾਲ ਇਕ ਵਾਰ ਫਿਰ ਤੋਂ ਯੂ. ਪੀ. ਪੁਲਸ ਸ਼ਰਮਸਾਰ ਹੋ ਗਈ ਹੈ। ਥਾਣੇ ’ਚ ਆਪਣੇ ਨਾਲ ਹੋਏ ਗੈਂਗਰੇਪ ਦੀ ਸ਼ਿਕਾਇਤ ਦਰਜ ਕਰਵਾਉਣ ਗਈ ਨਾਬਾਲਗ 13 ਸਾਲਾ ਕੁੜੀ ਨਾਲ ਹੀ ਥਾਣੇਦਾਰ ਵਲੋਂ ਜਬਰ-ਜ਼ਿਨਾਹ ਕੀਤਾ ਗਿਆ। ਇਸ ’ਤੇ ਪੁਲਸ ਮਹਿਕਮੇ ਨੇ ਸਖ਼ਤ ਐਕਸ਼ਨ ਲਿਆ। ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਥਾਣੇਦਾਰ ਨੂੰ ਪ੍ਰਯਾਗਰਾਜ ’ਚ ਗ੍ਰਿਫਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਪ੍ਰਯਾਗਰਾਜ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਪਾਲੀ ਦੇ ਥਾਣੇਦਾਰ ਤਿਲਕਧਾਰੀ ਸਰੋਜ ਨੂੰ ਪ੍ਰਯਾਗਰਾਜ ’ਚ ਇਲਾਹਾਬਾਦ ਹਾਈ ਕੋਰਟ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ। ਜਬਰ-ਜ਼ਿਨਾਹ ਦਾ ਦੋਸ਼ ਲੱਗਣ ਮਗਰੋਂ ਥਾਣੇਦਾਰ ਫਰਾਰ ਸੀ। ਪੁਲਸ ਨੇ ਇਸ ਘਟਨਾ ਦੇ ਸਿਲਸਿਲੇ ’ਚ ਥਾਣੇਦਾਰ ਅਤੇ ਪੀੜਤ ਕੁੜੀ ਦੀ ਮਾਸੀ ਸਮੇਤ 6 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਥਾਣੇਦਾਰ ਵਲੋਂ ਜਬਰ-ਜ਼ਿਨਾਹ ਮਾਮਲਾ: ਪ੍ਰਿੰਯਕਾ ਬੋਲੀ- ਥਾਣੇ ਹੀ ਸੁਰੱਖਿਅਤ ਨਹੀਂ ਤਾਂ ਕਿੱਥੇ ਜਾਣਗੀਆਂ ਔਰਤਾਂ?

ਜ਼ਿਕਰਯੋਗ ਹੈ ਕਿ ਲਲਿਤਪੁਰ ’ਚ ਪੁਲਸ ਸੂਤਰਾਂ ਨੇ ਦੱਸਿਆ ਕਿ ਕੁੜੀ ਦੀ ਮਾਂ ਦਾ ਦੋਸ਼ ਹੈ ਕਿ ਪਿਛਲੀ 22 ਅਪ੍ਰੈਲ ਨੂੰ 4 ਲੋਕ ਉਸ ਦੀ ਧੀ ਨੂੰ ਵਰਗਲਾ ਕੇ ਭੋਪਾਲ ਲੈ ਗਏ ਸਨ, ਜਿੱਥੇ ਉਨ੍ਹਾਂ ਨੇ ਉਸ ਨੂੰ ਤਿੰਨ ਦਿਨਾਂ ਤੱਕ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਪਾਲੀ ਥਾਣੇ ਦੇ ਬਾਹਰ ਛੱਡ ਕੇ ਦੌੜ ਗਏ। ਮਾਂ ਨੇ ਅੱਗੇ ਕਿਹਾ ਕਿ ਕੁੜੀ ਜਦੋਂ 27 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਾਉਣ ਥਾਣੇ ਗਈ ਤਾਂ ਥਾਣੇਦਾਰ ਵਲੋਂ ਥਾਣਾ ਕੰਪਲੈਕਸ ਦੇ ਹੀ ਇਕ ਕਮਰੇ ’ਚ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਬਾਅਦ ’ਚ ਨਾਬਾਲਗ ਆਪਣੇ ਨਾਲ ਹੋਈ ਘਿਨੌਣੀ ਵਾਰਦਾਤ ਨੂੰ ਦੱਸਣ ਲਈ ਚਾਈਲਡ ਲਾਈਨ ਪਹੁੰਚੀ, ਜਿਸ ਤੋਂ ਬਾਅਦ ਥਾਣੇਦਾਰ ਨੂੰ ਮੁਅੱਤਲ ਕਰ ਕੇ ਮਾਮਲਾ ਦਰਜ ਕਰਵਾਇਆ ਗਿਆ, ਜਦਕਿ ਥਾਣੇ ’ਚ ਘਟਨਾ ਦੇ ਸਮੇਂ ਤਾਇਨਾਤ ਸਾਰੇ ਪੁਲਸ ਕਰਮੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।


 


author

Tanu

Content Editor

Related News