ਡਾਕਟਰ ਕਰਦੇ ਰਹੇ ਦਿਮਾਗ ਦੀ ਸਰਜਰੀ, ਔਰਤ ਕਰਦੀ ਰਹੀ ਫੋਨ ''ਤੇ ਗੱਲਬਾਤ
Saturday, Mar 09, 2019 - 01:01 PM (IST)

ਜੈਪੁਰ— ਰਾਜਸਥਾਨ ਦੇ ਜੈਪੁਰ 'ਚ ਡਾਕਟਰਾਂ ਨੇ 35 ਸਾਲਾ ਇਕ ਔਰਤ ਦੀ ਦਿਮਾਗ ਦੀ ਸਰਜਰੀ ਕੀਤੀ। ਇਸ ਦੌਰਾਨ ਔਰਤ ਜਾਗਦੀ ਰਹੀ ਅਤੇ 45 ਮਿੰਟ ਫੋਨ 'ਤੇ ਆਪਣੇ ਪਤੀ ਨਾਲ ਗੱਲਬਾਤ ਕਰਦੀ ਰਹੀ। ਇੰਨਾ ਹੀ ਨਹੀਂ ਇਸ ਦੌਰਾਨ ਔਰਤ ਡਾਕਟਰਾਂ ਨੇ ਸਵਾਲਾਂ ਦਾ ਜਵਾਬ ਵੀ ਦਿੰਦੀ ਰਹੀ। ਤਕਰੀਬਨ 45 ਮਿੰਟ ਦੀ ਸਰਜਰੀ ਵਿਚ ਡਾਕਟਰਾਂ ਨੇ ਔਰਤ ਦੇ ਦਿਮਾਗ ਦੇ ਉਸ ਹਿੱਸੇ ਤੋਂ ਟਿਊਮਰ ਹਟਾਇਆ, ਜਿਸ ਤੋਂ ਸਰੀਰ ਦਾ ਸੱਜਾ ਹਿੱਸਾ ਕੰਟਰੋਲ ਹੁੰਦਾ ਹੈ। ਅਜਿਹੇ ਵਿਚ ਸਰਜਰੀ ਮਰੀਜ਼ ਦੇ ਜਾਗਦੇ ਹੋਏ ਹੀ ਕੀਤੀ ਜਾ ਸਕਦੀ ਹੈ।
ਰਾਜਸਥਾਨ ਦੇ ਟੋਂਕ ਦੀ ਰਹਿਣ ਵਾਲੀ ਸ਼ਾਂਤੀ ਦੇਵੀ ਨੂੰ ਬੋਲਣ ਵਿਚ ਪਰੇਸ਼ਾਨੀ ਅਤੇ ਚੱਕਰ ਆਉਣ ਵਰਗੇ ਲੱਛਣਾਂ ਤੋਂ ਬਾਅਦ ਜੈਪੁਰ ਦੇ ਇਕ ਹਸਪਤਾਲ ਵਿਚ ਭਰਤੀ ਕੀਤਾ ਗਿਆ। ਡਾਕਟਰਾਂ ਨੇ ਜਾਂਚ ਮਗਰੋਂ ਦੱਸਿਆ ਕਿ ਸ਼ਾਂਤੀ ਦੇਵੀ ਦੇ ਦਿਮਾਗ ਵਿਚ ਟਿਊਮਰ ਹੈ। ਸਾਰੇ ਟੈਸਟ ਕਰਨ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਕਰਨ ਦੀ ਸਲਾਹ ਦਿੱਤੀ। ਡਾਕਟਰਾਂ ਨੇ ਦੱਸਿਆ ਕਿ ਸਰਜਰੀ ਤੋਂ ਦੋ ਦਿਨ ਪਹਿਲਾਂ ਔਰਤ ਦੀ ਕੌਂਸਲਿੰਗ ਕੀਤੀ ਗਈ ਸੀ। ਉਸ ਨੂੰ ਇਲਾਜ ਦੇ ਹਰ ਪਹਿਲੂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਹ ਕਾਫੀ ਮੁਸ਼ਕਲ ਫੈਸਲਾ ਸੀ ਪਰ ਔਰਤ ਨੇ ਸਰਜਰੀ ਦੌਰਾਨ ਕਾਫੀ ਬਹਾਦਰੀ ਦਿਖਾਈ। ਡਾਕਟਰਾਂ ਦਾ ਕਹਿਣਾ ਸੀ ਕਿ ਔਰਤ ਨੂੰ ਜਗਾਉਣ ਦੇ ਪਿੱਛੇ ਦਾ ਕਾਰਨ ਸੀ ਕਿ ਇਸ ਦੌਰਾਨ ਇਹ ਪਤਾ ਲੱਗ ਸਕੇ ਕਿ ਦਿਮਾਗ ਦਾ ਸਪੀਚ ਪਾਰਟ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਤਾਂ ਨਹੀਂ ਹੋ ਰਿਹਾ। ਜੇਕਰ ਹੋ ਰਿਹਾ ਹੈ ਤਾਂ ਇਸ ਨੂੰ ਸਰਜਰੀ ਦੌਰਾਨ ਹੀ ਠੀਕ ਕੀਤਾ ਜਾ ਸਕੇ।