ਅਦਾਲਤ ’ਚ ਵਰਕਰਾਂ ਨੂੰ ਹੱਥਕੜੀ ਲਗਾਏ ਜਾਣ ਦਾ ਵਿਰੋਧ ਵਿਖਾਵਾ ਹੋਇਆ ਹਿੰਸਕ
Sunday, Sep 14, 2025 - 12:06 AM (IST)

ਤ੍ਰਿਸ਼ੂਰ (ਕੇਰਲ), (ਭਾਸ਼ਾ)- ਕਾਂਗਰਸ ਪਾਰਟੀ ਦੀ ਵਿਦਿਆਰਥੀ ਸ਼ਾਖਾ ਕੇ. ਐੱਸ. ਯੂ. ਵੱਲੋਂ ਸ਼ਨੀਵਾਰ ਨੂੰ ਵਡੱਕਨਚੇਰੀ ਪੁਲਸ ਥਾਣੇ ਤੱਕ ਕੱਢਿਆ ਗਿਆ ਵਿਰੋਧ ਮਾਰਚ ਹਿੰਸਕ ਹੋ ਗਿਆ। ਪਾਰਟੀ ਵਰਕਰਾਂ ਨੂੰ ਮਾਸਕ ਅਤੇ ਹੱਥਕੜੀਆਂ ਲਗਾ ਕੇ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਵਿਰੋਧ ਵਿਚ ਇਹ ਮਾਰਚ ਕੱਢਿਆ ਗਿਆ ਸੀ। ਵਿਖਾਵਾਕਾਰੀਆਂ ਦੀ ਪੁਲਸ ਨਾਲ ਝੜਪ ਹੋਈ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਭਜਾਉਣ ਲਈ ਪਾਣੀ ਦੀਆਂ ਵਾਛੜਾਂ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ।
ਕੇ. ਐੱਸ. ਯੂ. ਦੇ 3 ਵਰਕਰਾਂ-ਤ੍ਰਿਸ਼ੂਰ ਜ਼ਿਲੇ ਦੇ ਕੇ. ਐੱਸ. ਯੂ. ਦੇ ਉਪ-ਪ੍ਰਧਾਨ ਗਣੇਸ਼ ਅੱਤੂਰ, ਜ਼ਿਲਾ ਕਮੇਟੀ ਮੈਂਬਰ ਅਲ ਅਮੀਨ ਅਤੇ ਕਿੱਲੀ ਮੰਗਲਮ ਆਰਟਸ ਕਾਲਜ ਯੂਨਿਟ ਦੇ ਪ੍ਰਧਾਨ ਅਸਲਮ ਕੇਕੇ ਨੂੰ ਸ਼ੁੱਕਰਵਾਰ ਨੂੰ ਇੱਥੇ ਨਿਆਂਇਕ ਪਹਿਲੇ ਦਰਜੇ ਦੇ ਮੈਜਿਸਟ੍ਰੇਟ ਦੀ ਅਦਾਲਤ ਵਿਚ ਉਨ੍ਹਾਂ ਦੇ ਸਿਰ ਅਤੇ ਚਿਹਰੇ ਢਕੇ ਹੋਏ ਪੇਸ਼ ਕੀਤਾ ਗਿਆ। ਵਰਕਰਾਂ ਨੂੰ ਹੱਥਕੜੀਆਂ ਵੀ ਲਗਾਈਆਂ ਗਈਆਂ ਸਨ , ਜਿਸ 'ਤੇ ਕਾਂਗਰਸ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ। ਕੇਰਲ ਵਿਦਿਆਰਥੀ ਸੰਘ (ਕੇ. ਐੱਸ. ਯੂ.) ਦੇ ਵਰਕਰਾਂ ਨੂੰ ਸੀ. ਪੀ. ਆਈ. (ਐਮ) ਨਾਲ ਸਬੰਧਤ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸ. ਐੱਫ. ਆਈ.) ਦੇ ਮੈਂਬਰਾਂ ਦੇ ਨਾਲ ਝੜਪ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।