ਕੋਝੀਕੋਡ ਜਹਾਜ਼ ਹਾਦਸੇ 'ਚ ਜ਼ਖਮੀ ਹੋਏ 56 ਯਾਤਰੀਆਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

08/10/2020 4:40:41 PM

ਨਵੀਂ ਦਿੱਲੀ (ਭਾਸ਼ਾ)— ਏਅਰ ਇੰਡੀਆ ਐਕਸਪ੍ਰੈੱਸ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਕੋਝੀਕੋਡ 'ਚ ਵਾਪਰੇ ਜਹਾਜ਼ ਹਾਦਸੇ 'ਚ ਜ਼ਖਮੀ 56 ਯਾਤਰੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ 'ਤੋਂ ਛੁੱਟੀ ਮਿਲ ਗਈ ਹੈ, ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਸਨ। ਦੱਸ ਦੇਈਏ ਕਿ ਚਾਲਕ ਦਲ ਦੇ 6 ਮੈਂਬਰਾਂ ਸਮੇਤ 190 ਲੋਕਾਂ ਨਾਲ ਦੁਬਈ ਤੋਂ ਆਇਆ ਏਅਰ ਇੰਡੀਆ ਐਕਸਪ੍ਰੈੱਸ ਦਾ ਬੀ737 ਜਹਾਜ਼ ਸ਼ੁੱਕਰਵਾਰ 7 ਅਗਸਤ ਦੀ ਸ਼ਾਮ ਨੂੰ ਕੋਝੀਕੋਡ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਦਰਅਸਲ ਜਹਾਜ਼ ਭਾਰੀ ਮੀਂਹ ਕਾਰਨ ਹੋਈ ਤਿਲਕਣ ਕਾਰਨ ਹਵਾਈ ਪੱਟੀ ਤੋਂ ਫਿਸਲ ਕੇ 35 ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ ਸੀ ਅਤੇ ਉਸ ਦੇ ਦੋ ਹਿੱਸੇ ਹੋ ਗਏ ਸਨ। ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸਾ: ਪਰਿਵਾਰਾਂ ਨੂੰ ਸੌਂਪੀਆਂ ਗਈਆਂ 16 ਯਾਤਰੀਆਂ ਦੀਆਂ ਲਾਸ਼ਾਂ

ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸ਼ਨੀਵਾਰ ਨੂੰ ਕਿਹਾ ਸੀ ਕਿ 149 ਲੋਕਾਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 23 ਲੋਕਾਂ ਨੂੰ ਛੁੱਟੀ ਮਿਲ ਗਈ ਹੈ ਅਤੇ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹਨ। ਓਧਰ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਖੇਤਰੀ ਮੁਖੀ ਪਰਿਵਾਰ ਦੇ ਮੈਂਬਰਾਂ ਨੂੰ ਮਦਦ ਪਹੁੰਚਾਉਣ ਲਈ ਹੁਣ ਵੀ ਕਾਲੀਕਟ (ਕੋਝੀਕੋਡ) ਵਿਚ ਹਨ

ਇਹ ਵੀ ਪੜ੍ਹੋ: ਕੇਰਲ ਜਹਾਜ਼ ਹਾਦਸਾ : ਪਾਇਲਟ ਅਖਿਲੇਸ਼ ਨੂੰ ਸਾਥੀਆਂ ਨੇ ਨਮ ਅੱਖਾਂ ਨਾਲ ਦਿੱਤੀ ਆਖਰੀ ਵਿਦਾਈ

ਬਿਆਨ 'ਚ ਕਿਹਾ ਗਿਆ ਹੈ ਕਿ ਠੀਕ ਹੋਣ ਤੋਂ ਬਾਅਦ ਹੁਣ ਤੱਕ 56 ਜ਼ਖਮੀ ਯਾਤਰੀਆਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਮਿਲ ਚੁੱਕੀ ਹੈ। ਰਾਸ਼ਟਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ ਕੋਲ ਬੀ737 ਬੇੜੇ ਦਾ ਸਿਰਫ ਇਕ ਹੀ ਜਹਾਜ਼ ਸੀ। ਏਅਰਲਾਈਨ ਨੇ ਐਤਵਾਰ ਨੂੰ ਦੱਸਿਆ ਕਿ 16 ਮ੍ਰਿਤਕ ਯਾਤਰੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਧਿਕਾਰੀ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ।


Tanu

Content Editor

Related News