ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੇ ਸਮ੍ਰਿਤੀ ਇਰਾਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ, ਜਾਣੋ ਕੌਣ ਹੈ ਇਹ ਸ਼ਖ਼ਸ

Tuesday, Jun 04, 2024 - 08:45 PM (IST)

ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੇ ਸਮ੍ਰਿਤੀ ਇਰਾਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ, ਜਾਣੋ ਕੌਣ ਹੈ ਇਹ ਸ਼ਖ਼ਸ

ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੇ ਨਤੀਜੇ ਹੈਰਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ। ਜੇਕਰ ਗੱਲ ਉੱਤਰ ਪ੍ਰਦੇਸ਼ ਦੇ ਅਮੇਠੀ ਦੀ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਦੇ ਕਿਸ਼ੋਰੀ ਲਾਲ ਨੇ ਸਮ੍ਰਿਤੀ ਇਰਾਨੀ ਨੂੰ 1,67,196 ਵੋਟਾਂ ਦੇ ਫ਼ਰਕ ਨਾਲ ਕਰਾਰੀ ਹਾਰ ਦਿੱਤੀ ਹੈ। ਸਮ੍ਰਿਤੀ ਇਰਾਨੀ ਨੂੰ 3,72,032 ਵੋਟਾਂ ਪਈਆਂ ਜਦੋਂਕਿ ਕਿਸ਼ੋਰੀ ਲਾਲ ਨੂੰ 5,39,228 ਵੋਟਾਂ ਪਈਆਂ। ਇਹ ਵੱਡਾ ਫ਼ਰਕ ਹੈ, ਜਦਕਿ ਇਸੇ ਸੀਟ ਤੋਂ ਪਿਛਲੀਆਂ ਚੋਣਾਂ 'ਚ ਇਰਾਨੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਇਆ ਸੀ। ਕਿਸ਼ੋਰੀ ਲਾਲ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕੀਆਂ ਸਨ ਕਿ ਉਹ ਕੀ ਕਮਾਲ ਦਿਖਾਉਣਗੇ।

ਜਾਣੋ ਕੌਣ ਹਨ ਕਿਸ਼ੋਰੀ ਲਾਲ ਸ਼ਰਮਾ

ਕਿਸ਼ੋਰੀ ਲਾਲ ਸ਼ਰਮਾ ਜੋ ਕਿ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ। ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਹਨ। ਸ਼ਰਮਾ ਨੇ 1983 ਵਿਚ ਰਾਜੀਵ ਗਾਂਧੀ ਨਾਲ ਰਾਏਬਰੇਲੀ ਅਤੇ ਅਮੇਠੀ ਵਿਚ ਕਦਮ ਰੱਖਿਆ ਸੀ। ਬਾਅਦ ਵਿਚ ਰਾਜੀਵ ਗਾਂਧੀ ਦੇ ਅਚਾਨਕ ਦਿਹਾਂਤ ਮਗਰੋਂ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਰਿਸ਼ਤੇ ਪਰਿਵਾਰਕ ਹੋ ਗਏ ਅਤੇ ਉਹ ਗਾਂਧੀ ਪਰਿਵਾਰ ਦੇ ਹੀ ਹੋ ਕੇ ਰਹਿ ਗਏ। 

1991 ਵਿਚ ਰਾਜੀਵ ਗਾਂਧੀ ਦੀ ਮੌਤ ਮਗਰੋਂ ਕਿਸ਼ੋਰੀ ਲਾਲ ਨੇ ਕਦੇ ਸ਼ੀਲਾ ਕੌਲ ਦੇ ਕੰਮ ਨੂੰ ਸੰਭਾਲਿਆ ਤਾਂ ਕਦੇ ਸਤੀਸ਼ ਸ਼ਰਮਾ ਲਈ ਮਦਦ ਕੀਤੀ। ਅਜਿਹੇ ਵਿਚ ਕਿਸ਼ੋਰੀ ਲਾਲ ਦਾ ਅਕਸਰ ਰਾਏਬਰੇਲੀ ਅਤੇ ਅਮੇਠੀ 'ਚ ਆਉਣਾ-ਜਾਣਾ ਬਣਿਆ ਰਿਹਾ। ਹਾਲਾਂਕਿ ਪਹਿਲੀ ਵਾਰ ਸੋਨੀਆ ਗਾਂਧੀ ਸਰਗਰਮ ਸਿਆਸਤ ਵਿਚ ਉਤਰੀ ਅਤੇ ਅਮੇਠੀ ਤੋਂ ਚੋਣ ਲੜੀ ਤਾਂ ਕਿਸ਼ੋਰੀ ਲਾਲ ਉਨ੍ਹਾਂ ਨਾਲ ਅਮੇਠੀ ਆ ਗਏ। ਜਦੋਂ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਲਈ ਅਮੇਠੀ ਸੀਟ ਛੱਡ ਦਿੱਤੀ ਅਤੇ ਖ਼ੁਦ ਰਾਏਬਰੇਲੀ ਆ ਗਈ ਤਾਂ ਕਿਸ਼ੋਰੀ ਲਾਲ ਨੇ ਰਾਏਬਰੇਲੀ ਅਤੇ ਅਮੇਠੀ ਦੋਹਾਂ ਸੀਟਾਂ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ। ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਸ਼ਰਮਾ ਰਾਏਬਰੇਲੀ ਅਤੇ ਅਮੇਠੀ ਦੋਹਾਂ ਹੀ ਖੇਤਰਾਂ ਦੇ ਸੰਸਦੀ ਕੰਮਾਂ ਦੀ ਦੇਖ-ਰੇਖ ਕਰਨ ਲੱਗੇ। ਸਮੇਂ ਦੇ ਨਾਲ ਲੋਕ ਕਾਂਗਰਸ ਨੂੰ ਛੱਡਦੇ ਗਏ ਪਰ ਸ਼ਰਮਾ ਦੀ ਵਫ਼ਾਦਾਰੀ ਵਿਚ ਕਦੇ ਕੋਈ ਕਮੀ ਨਹੀਂ ਰਹੀ। ਕਿਸ਼ੋਰੀ ਲਾਲ ਸ਼ਰਮਾ ਨੂੰ ਸੋਨੀਆ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ।


author

Rakesh

Content Editor

Related News