ਆਈ. ਬੀ. ਅਤੇ ਰਾਅ ਦੀ ਰਿਪੋਰਟ ਨੂੰ ਜਨਤਕ ਕਰਨ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ : ਰਿਜਿਜੂ
Wednesday, Jan 25, 2023 - 01:53 PM (IST)
ਨਵੀਂ ਦਿੱਲੀ– ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਬਣਾਏ ਗਏ ਕਾਲੇਜੀਅਮ ’ਤੇ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਕਾਨੂੰਨ ਮੰਤਰੀ ਕਿਰੇਨ ਰਿਜਿਜੂ ਮੰਗਲਵਾਰ ਨੂੰ ਰਾਅ ਅਤੇ ਆਈ. ਬੀ. ਦੀ ਰਿਪੋਰਟ ਨੂੰ ਜਨਤਕ ਕਰਨ ’ਤੇ ਸੁਪਰੀਮ ਕੋਰਟ ਨਾਲ ਨਾਰਾਜ਼ ਹੋ ਗਏ।
ਉਨ੍ਹਾਂ ਕਿਹਾ ਕਿ ਖੁਫੀਆ ਏਜੰਸੀਆਂ ਦੇਸ਼ ਲਈ ਖੁਫੀਆ ਤਰੀਕੇ ਨਾਲ ਕੰਮ ਕਰਦੀਆਂ ਹਨ ਅਤੇ ਜੇਕਰ ਉਨ੍ਹਾਂ ਦੀ ਰਿਪੋਰਟ ਜਨਤਕ ਕੀਤੀ ਜਾਂਦੀ ਹੈ ਤਾਂ ਉਹ ਭਵਿੱਖ ਵਿਚ ਅਜਿਹਾ ਕਰਨ ਤੋਂ ਪਹਿਲਾਂ 2 ਵਾਰ ਸੋਚਣਗੀਆਂ। ਰਿਜਿਜੂ ਸੁਪਰੀਮ ਕੋਰਟ ਕਾਲੇਜੀਅਮ ਦੇ ਹਾਲ ਹੀ ਵਿਚ ਜਨਤਕ ਕੀਤੇ ਗਏ ਕੁਝ ਪ੍ਰਸਤਾਵਾਂ ਨਾਲ ਜੁੜੇ ਸਵਾਲਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਇਨ੍ਹਾਂ ਪ੍ਰਸਤਾਵਾਂ ਵਿਚ ਚੋਟੀ ਦੀ ਅਦਾਲਤ ਵਲੋਂ ਹਾਈ ਕੋਰਟਾਂ ਦੇ ਜੱਜਾਂ ਦੇ ਅਹੁਦੇ ਲਈ ਸੁਝਾਏ ਗਏ ਕੁਝ ਨਾਵਾਂ ਦੇ ਸੰਬੰਧ ਵਿਚ ਆਈ. ਬੀ. ਅਤੇ ਰਾਅ ਦੀ ਰਿਪੋਰਟ ਦੇ ਕੁਝ ਅੰਸ਼ ਸ਼ਾਮਲ ਸਨ।
ਰਿਜਿਜੂ ਨੇ ਇਥੇ ਇਕ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਰਾਅ ਅਤੇ ਆਈ. ਬੀ. ਦੀ ਸੰਵੇਦਨਸ਼ੀਲ ਜਾਂ ਖੁਫੀਆ ਰਿਪੋਰਟ ਨੂੰ ਜਨਤਕ ਮੰਚ ’ਤੇ ਰੱਖਣਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ।
ਅਸਲ ’ਚ ਇਹ ਮਾਮਲਾ ‘ਗੇਅ’ ਵਕੀਲ ਸੌਰਭ ਕ੍ਰਿਪਾਲ ਨਾਲ ਜੁੜਿਆ ਹੋਇਆ ਹੈ। ਸੁਪਰੀਮ ਕੋਰਟ ਦੀ ਕਾਲੇਜੀਅਮ ਕ੍ਰਿਪਾਲ ਨੂੰ ਦਿੱਲੀ ਹਾਈ ਕੋਰਟ ਵਿੱਚ ਨਿਯੁਕਤ ਕਰਨਾ ਚਾਹੁੰਦੀ ਹੈ ਪਰ ਕੇਂਦਰ ਨੇ ਕ੍ਰਿਪਾਲ ਦੇ ਨਾਂ ’ਤੇ ਇਤਰਾਜ਼ ਉਠਾਇਆ ਹੈ। ਇਸ ਲਈ ਉਸ ਵਲੋਂ ਖੁਫੀਆ ਏਜੰਸੀ ‘ਰਾਅ’ ਅਤੇ ਆਈ.ਬੀ. ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿੱਚ ਸਮਲਿੰਗੀ ਵਕੀਲ ਸੌਰਭ ਕ੍ਰਿਪਾਲ ਦੇ ਵਿਦੇਸ਼ੀ ਸਾਥੀ ਨੂੰ ਲੈ ਕੇ ਸਵਾਲ ਉਠਾਏ ਗਏ ਸਨ।
ਇਸ ਦੌਰਾਨ ਸਰਜੀਕਲ ਸਟ੍ਰਾਈਕ ’ਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੀ ਟਿੱਪਣੀ ’ਤੇ ਵਿਵਾਦ ਦਰਮਿਆਨ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਮੰਗਲਵਾਰ ਸੇਵਾਮੁਕਤ ਏਅਰ ਮਾਰਸ਼ਲ ਰਘੂਨਾਥ ਨਾਂਬਿਆਰ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਬਾਲਾਕੋਟ ਹਵਾਈ ਹਮਲੇ ਨੂੰ ਇੱਕ ‘ਸ਼ਾਨ ਦਾਰ’ ਸਫਲਤਾ ਦਸਿਆ ਹੈ।
ਟਵਿੱਟਰ ’ਤੇ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਰਿਜਿਜੂ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਅਤੇ ਉਨ੍ਹਾਂ ਸਾਰਿਆਂ ਨੂੰ ਜਵਾਬ ਹੈ ਜੋ ਭਾਰਤੀ ਹਥਿਆਰਬੰਦ ਫੋਰਸਾਂ ’ਤੇ ਸਵਾਲ ਉਠਾਉਂਦੇ ਹਨ।