ਪਟਨਾ ’ਚ ਵਿਰੋਧੀ ਧਿਰ ਦੇ ਸੰਮੇਲਨ ’ਚ ਭਾਗ ਲੈ ਸਕਦੇ ਹਨ ਖੜਗੇ, ਪਵਾਰ, ਸ਼ਿਵਸੈਨਾ (ਯੂ. ਬੀ. ਟੀ.)

Tuesday, May 16, 2023 - 03:51 PM (IST)

ਪਟਨਾ ’ਚ ਵਿਰੋਧੀ ਧਿਰ ਦੇ ਸੰਮੇਲਨ ’ਚ ਭਾਗ ਲੈ ਸਕਦੇ ਹਨ ਖੜਗੇ, ਪਵਾਰ, ਸ਼ਿਵਸੈਨਾ (ਯੂ. ਬੀ. ਟੀ.)

ਨਵੀਂ ਦਿੱਲੀ- ਭਾਜਪਾ ਦੇ ਆਪਣੇ ਇਕੋ-ਇਕ ਦੱਖਣੀ ਗੜ੍ਹ ਕਰਨਾਟਕ ਨੂੰ ਖੁੱਸਣ ਨਾਲ, ਵਿਰੋਧੀ ਏਕਤਾ ਦੀਆਂ ਕੋਸ਼ਸ਼ਾਂ ’ਚ ਤੇਜ਼ੀ ਆ ਗਈ ਹੈ। ਪਤਾ ਲੱਗਾ ਹੈ ਕਿ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਹਿਲ ’ਤੇ ਪਟਨਾ ’ਚ ਆਯੋਜਿਤ ਹੋਣ ਵਾਲੇ ਵਿਰੋਧੀ ਧਿਰ ਦੇ ਸੰਮੇਲਨ ’ਚ ਸ਼ਾਮਲ ਹੋਣ ਲਈ ਤਿਆਰ ਹੋ ਗਏ ਹਨ।

ਸ਼ਿਵਸੈਨਾ ਨੇਤਾ ਊਧਵ ਠਾਕਰੇ ਨੇ ਵੀ ਨਿਤੀਸ਼ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਹ ਖੁਦ ਸ਼ਾਮਲ ਹੋਣ ਜਾਂ ਕਿਸੇ ਸੀਨੀਅਰ ਨੇਤਾ ਨੂੰ ਪਟਨਾ ਭੇਜਣ ਦਾ ਬਦਲ ਚੁਣ ਸਕਦੇ ਹਨ। ਕਾਂਗਰਸ ਪਾਰਟੀ ਨੇ ਵੀ ਇਸ ਕਾਂਕਲੇਵ ’ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਅਜਿਹੀ ਸੰਭਾਵਨਾ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਖੁਦ ਪਟਨਾ ਜਾਣਾ ਪਸੰਦ ਕਰ ਸਕਦੇ ਹਨ, ਹਾਲਾਂਕਿ ਉਨ੍ਹਾਂ ਕੋਲ ਕਿਸੇ ਸੀਨੀਅਰ ਨੇਤਾ ਨੂੰ ਨਿਯੁਕਤ ਕਰਨ ਦਾ ਬਦਲ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ. ਐੱਮ. ਸੀ. ਨੇਤਾ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ , ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੀ. ਪੀ. ਐੱਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਭਾਕਪਾ ਦੇ ਜਨਰਲ ਸਕੱਤਰ ਡੀ. ਰਾਜਾ, ਫਾਰੂਕ ਅਬਦੁੱਲਾ ਅਤੇ ਹੋਰ ਪ੍ਰਮੁੱਖ ਨੇਤਾਵਾਂ ਦੇ ਇਸ ਸੰਮੇਲਨ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਕੱਠੇ ਲਿਆਉਣ ਲਈ ਮਨਾਉਣ ਵਾਸਤੇ ਨਿਤੀਸ਼ ਕੁਮਾਰ ਨੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਦੀ ਯਾਤਰਾ ਕੀਤੀ ਸੀ।

ਕਾਂਗਰਸ ਹਾਈਕਮਾਨ ਨੇ ਨਿਤੀਸ਼ ਕੁਮਾਰ ਨੂੰ ਕਿਹਾ ਸੀ ਕਿ ਉਹ ਵਿਰੋਧੀ ਪਾਰਟੀਆਂ ਨੂੰ ਇੱਕਜੁਟ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ’ਚ ਅੱਗੇ ਵਧ ਸਕਦੇ ਹਨ ਕਿਉਂਕਿ ਕੁਝ ਪਾਰਟੀਆਂ ਉਨ੍ਹਾਂ ਨਾਲ ਸਿੱਧੇ ਗੱਲ ਕਰਨ ’ਚ ਅਸਹਿਜ ਹਨ। ਮਮਤਾ ਬੈਨਰਜੀ ਕਾਂਗਰਸ ਦੇ ਨਾਲ ਚੋਣ ਤਾਲਮੇਲ ਚਾਹੁੰਦੀ ਹੈ ਪਰ ਉਨ੍ਹਾਂ ਦੀ ਸ਼ਰਤ ਇਹ ਹੈ ਕਿ ਪੱਛਮ ਬੰਗਾਲ ’ਚ ਸੀ. ਪੀ. ਐੱਮ. ਦੇ ਨਾਲ ਇਸ ਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਹੈ। ਆਉਣ ਵਾਲੇ ਮਹੀਨਿਆਂ ’ਚ ਇਕ ਫਾਰਮੂਲਾ ਤਿਆਰ ਕੀਤਾ ਜਾ ਸਕਦਾ ਹੈ। ਕੇਜਰੀਵਾਲ ਪਹਿਲਾਂ ਹੀ ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਨਾਲ ਆਦਾਨ-ਪ੍ਰਦਾਨ ਦੇ ਆਧਾਰ ’ਤੇ ਲੋਕ ਸਭਾ ਸੀਟਾਂ ਦੀ ਵੰਡ ਦੀ ਇੱਛਾ ਜਾਹਿਰ ਕਰ ਚੁੱਕੇ ਹਨ।


author

Rakesh

Content Editor

Related News