ਕੈਦੀਆਂ ਦੇ ਬੱਚਿਆਂ ਦਾ ਵੀ ਸਵਰੇਗਾ ਭਵਿੱਖ, ਇਸ ਸੂਬੇ ਦੀ ਸਰਕਾਰ ਨੇ ਮਦਦ ਲਈ ਵਧਾਏ ਹੱਥ

Saturday, Nov 07, 2020 - 05:42 PM (IST)

ਕੈਦੀਆਂ ਦੇ ਬੱਚਿਆਂ ਦਾ ਵੀ ਸਵਰੇਗਾ ਭਵਿੱਖ, ਇਸ ਸੂਬੇ ਦੀ ਸਰਕਾਰ ਨੇ ਮਦਦ ਲਈ ਵਧਾਏ ਹੱਥ

ਤਿਰੁਵਨੰਤਪੁਰਮ (ਭਾਸ਼ਾ)— ਕੇਰਲ ਸਰਕਾਰ ਨੇ ਜੇਲ੍ਹ 'ਚ ਬੰਦ ਕੈਦੀਆਂ ਦੇ ਬੱਚਿਆਂ ਦੀ ਸਿੱਖਿਆ ਲਈ ਆਰਥਿਕ ਮਦਦ ਦੇ ਤੌਰ 'ਤੇ 20 ਲੱਖ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਹੈ। ਸਮਾਜਿਕ ਨਿਆਂ ਮੰਤਰੀ ਕੇ. ਕੇ. ਸ਼ੈਲਜਾ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੱਸਿਆ ਕਿ ਬੇਸਿਕ ਸਿੱਖਿਆ ਲਈ 15 ਲੱਖ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ, ਜਦਕਿ 5 ਲੱਖ ਰੁਪਏ ਦੀ ਮਦਦ ਪੇਸ਼ੇਵਰ ਸਿੱਖਿਆ ਲਈ ਹੈ। ਸੂਬੇ ਦੇ ਸਮਾਜਿਕ ਨਿਆਂ ਮਹਿਕਮੇ ਜ਼ਰੀਏ ਲਾਗੂ ਕੀਤੀ ਗਈ ਪ੍ਰੋਬੇਸ਼ਨ ਸੇਵਾ ਦੇ ਤੌਰ 'ਤੇ ਸਿੱਖਿਆ ਮਦਦ ਉਪਲੱਬਧ ਕਰਵਾਈ ਜਾਵੇਗੀ। ਇਸ ਦਾ ਮਕਦਸ ਇਨ੍ਹਾਂ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਲਿਆਉਣਾ ਹੈ। ਮੰਤਰੀ ਨੇ ਕਿਹਾ ਕਿ ਜਦੋਂ ਪਰਿਵਾਰ ਦਾ ਕਮਾਉਣ ਵਾਲਾ ਹੀ ਜੇਲ੍ਹ ਵਿਚ ਹੁੰਦਾ ਹੈ ਤਾਂ ਬੇਗੁਨਾਹ ਬੱਚਿਆਂ ਦੀ ਸਿੱਖਿਆ ਰੁੱਕ ਜਾਂਦੀ ਹੈ। ਸਰਕਾਰ ਉਨ੍ਹਾਂ ਦੀ ਸਿੱਖਿਆ ਨਾ ਰੁਕੇ, ਇਹ ਯਕੀਨੀ ਕਰਨ ਲਈ ਪ੍ਰਾਜੈਕਟ ਲਾਗੂ ਕਰ ਰਹੀ ਹੈ। 

ਸਮਾਜਿਕ ਨਿਆਂ ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਜਮਾਤ ਪਹਿਲੀ ਤੋਂ 5ਵੀਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹਰ ਮਹੀਨੇ 300 ਰੁਪਏ ਮਿਲਣਗੇ। ਜਦਕਿ 6ਵੀਂ ਤੋਂ 10ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ 500 ਰੁਪਏ ਅਤੇ ਉੱਚ ਸੈਕੰਡਰੀ 'ਚ ਪੜ੍ਹਨ ਵਾਲੇ ਬੱਚਿਆਂ ਨੂੰ 750 ਰੁਪਏ ਪ੍ਰਤੀ ਮਹੀਨਾ ਮਿਲਣਗੇ। ਨਾਲ ਹੀ ਡਿਗਰੀ ਦੀ ਪੜ੍ਹਾਈ ਕਰ ਰਹੇ ਜਾਂ ਹੋਰ ਪੇਸ਼ੇਵਰ ਸਿਲੇਬਸ ਕਰ ਰਹੇ ਵਿਦਿਆਰਥੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਯੋਜਨਾ ਦੇ ਤਹਿਤ ਉਮਰ ਕੈਦ ਜਾਂ ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਦੇ ਬੱਚਿਆਂ ਨੂੰ ਪੇਸ਼ੇਵਰ ਸਿਲੇਬਸ ਕਰਨ ਲਈ ਆਰਥਿਕ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਸਿਲੇਬਸ ਦੀ ਫ਼ੀਸ ਵੱਖ-ਵੱਖ ਹੁੰਦੀ ਹੈ। ਇਸ ਲਈ ਹਰੇਕ ਵਿਦਿਆਰਥੀ ਨੂੰ ਵੱਧ ਤੋਂ ਵੱਧ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ।


author

Tanu

Content Editor

Related News