ਸਿੱਕਾ ਨਿਗਲਣ ਨਾਲ 3 ਸਾਲਾ ਬੱਚੇ ਦੀ ਮੌਤ, ਕੰਟੇਮੈਂਟ ਜ਼ੋਨ ''ਚ ਸੀ ਘਰ, ਹਸਪਤਾਲ ਨੇ ਨਹੀਂ ਕੀਤਾ ਦਾਖ਼ਲ

Sunday, Aug 02, 2020 - 04:45 PM (IST)

ਸਿੱਕਾ ਨਿਗਲਣ ਨਾਲ 3 ਸਾਲਾ ਬੱਚੇ ਦੀ ਮੌਤ, ਕੰਟੇਮੈਂਟ ਜ਼ੋਨ ''ਚ ਸੀ ਘਰ, ਹਸਪਤਾਲ ਨੇ ਨਹੀਂ ਕੀਤਾ ਦਾਖ਼ਲ

ਕੋਚੀ- ਕੇਰਲ ਦੇ ਅਲੁਵਾ ਸ਼ਹਿਰ ਨੇੜੇ ਆਪਣੇ ਘਰ 'ਚ ਤਿੰਨ ਸਾਲ ਦੇ ਬੱਚੇ ਨੇ ਇਕ ਸਿੱਕਾ ਨਿਗਲ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਜਿਨ੍ਹਾਂ ਸਰਕਾਰੀ ਹਸਪਤਾਲਾਂ 'ਚ ਬੱਚੇ ਨੂੰ ਲਿਜਾਇਆ ਗਿਆ, ਉੱਥੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਉਹ ਕੋਵਿਡ-19 ਕੰਟੇਨਮੈਂਟ ਜ਼ੋਨ ਤੋਂ ਆਇਆ ਸੀ। ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਘਟਨਾ ਨੂੰ ਬੇਹੱਦ ਮੰਦਭਾਗੀ ਦੱਸਿਆ ਅਤੇ ਪ੍ਰਧਾਨ ਸਕੱਤਰ ਨੂੰ ਪੂਰੀ ਜਾਂਚ ਕਰ ਕੇ ਇਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਇਕ ਬਿਆਨ 'ਚ ਦੱਸਿਆ ਕਿ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਬੱਚੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਉਹ ਅਲੁਵਾ ਨੇੜੇ ਕਦੁੰਗਲੁਰ ਦਾ ਰਹਿਣ ਵਾਲਾ ਸੀ, ਜੋ ਕੋਵਿਡ-19 ਕੰਟੇਨਮੈਂਟ ਜ਼ੋਨ 'ਚ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਕਾ ਨਿਗਲਣ ਦੀ ਇਹ ਘਟਨਾ ਸ਼ਨੀਵਾਰ ਸਵੇਰੇ ਹੋਈ, ਜਿਸ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਉਸ ਨੂੰ ਅਲੁਵਾ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਐਕਸ-ਰੇਅ ਕੀਤਾ ਗਿਆ।

ਹਸਪਤਾਲ ਅਧਿਕਾਰੀਆਂ 'ਤੇ ਬੱਚੇ ਨੂੰ ਦਾਖ਼ਲ ਨਹੀਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਕ ਸੀਨੀਅਰ ਡਾਕਟਰ ਨੇ ਦਾਅਵਾ ਕੀਤਾ ਕਿ ਮੁੰਡੇ ਨੂੰ ਹਸਪਤਾਲ 'ਚ ਇਸ ਲਈ ਦਾਖ਼ਲ ਨਹੀਂ ਕੀਤਾ ਗਿਆ ਕਿ ਕੋਈ ਬਾਲ ਡਾਕਟਰ ਨਹੀਂ ਸੀ ਅਤੇ ਉਸ ਨੂੰ ਐਰਨਾਕੁਲਮ ਜਨਰਲ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਵੀ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ। ਖ਼ਬਰ ਹੈ ਕਿ ਡਾਕਟਰਾਂ ਨੇ ਮਾਤਾ-ਪਿਤਾ ਨੂੰ ਬੱਚੇ ਨੂੰ ਫਲ ਖੁਆਉਣ ਦੀ ਸਲਾਹ ਦਿੱਤੀ। ਉਨ੍ਹਾਂ ਅਨੁਸਾਰ ਅਜਿਹਾ ਕਰਨ 'ਤੇ ਟਾਇਲਟ ਰਾਹੀਂ ਸਿੱਕਾ ਬਾਹਰ ਨਿਕਲ ਜਾਂਦਾ। ਮਾਤਾ-ਪਿਤਾ ਬੱਚੇ ਨੂੰ ਘਰ ਵਾਪਸ ਲੈ ਗਏ। ਪੁਲਸ ਨੇ ਦੱਸਿਆ ਕਿ ਸ਼ਾਮ ਤੱਕ ਬੱਚੇ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਅਲੁਵਾ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਤਾ-ਪਿਤਾ ਨੂੰ ਸੌਂਪੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਜਾਂਚ ਲਈ ਬੱਚੇ ਦੀ ਲਾਰ ਦੇ ਨਮੂਨੇ ਲਏ ਗਏ ਹਨ।


author

DIsha

Content Editor

Related News