ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਨੇ ਕੇਰਲ ਦੇ MLA ਸਚਿਨ ਦੇਵ ਨਾਲ ਕਰਵਾਈ ਮੰਗਣੀ
Sunday, Mar 06, 2022 - 04:37 PM (IST)
ਤਿਰੂਵਨੰਤਪੁਰਮ- ਕੇਰਲ ਦੇ ਤਿਰੂਵਨੰਤਪੁਰਮ ਦੀ ਮੇਅਰ ਆਰੀਆ ਰਾਜੇਂਦਰਨ ਨੇ ਐਤਵਾਰ ਨੂੰ ਬਲੂਸੇਰੀ ਦੇ ਵਿਧਾਇਕ ਸਚਿਨ ਦੇਵ ਨਾਲ ਮੰਗਣੀ ਕਰ ਲਈ। ਮੰਗਣੀ ਤਿਰੂਵਨੰਤਪੁਰਮ ਵਿਚ ਏਕੇਜੀ ਸੈਂਟਰ ਵਿਚ ਹੋਈ। ਸਮਾਗਮ ਵਿਚ ਦੋਹਾਂ ਦੇ ਪਰਿਵਾਰ ਵਾਲੇ ਅਤੇ ਪਾਰਟੀ ਦੇ ਕਰੀਬੀ ਆਗੂਆਂ ਨੇ ਸ਼ਿਰਕਤ ਕੀਤੀ। ਆਰੀਆ ਰਾਜੇਂਦਰਨ ਦੇਸ਼ ਦੀ ਸਭ ਤੋਂ ਨੌਜਵਾਨ ਮੇਅਰ ਹੈ, ਉੱਥੇ ਹੀ ਉਨ੍ਹਾਂ ਦੇ ਹੋਣ ਵਾਲੀ ਪਤੀ ਸਚਿਨ ਦੇਵ ਮੌਜੂਦਾ ਕੇਰਲ ਦੇ ਨੌਜਵਾਨ ਵਿਧਾਇਕ ਹਨ। ਆਰੀਆ ਰਾਜੇਂਦਰਨ ਨੇ 21 ਸਾਲ ਦੀ ਉਮਰ ਵਿਚ ਮੇਅਰ ਦਾ ਅਹੁਦਾ ਸੰਭਾਲਿਆ ਸੀ।
ਇਸ ਜੋੜੇ ਨੇ ਪਿਛਲੇ ਮਹੀਨੇ ਵਿਆਹ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵਿਦਿਆਰਥੀ ਵਿੰਗ ਬਾਲਸੰਘਮ ਵਿਚ ਇਕੱਠੇ ਕੰਮ ਕਰਦੇ ਹੋਏ ਉਹ ਇੱਕ ਦੂਜੇ ਨੂੰ ਜਾਣਦੇ ਸਨ। ਇਸ ਦੌਰਾਨ ਦੋਵੇਂ ਇਕ ਦੂਜੇ ਦੇ ਕਾਫੀ ਨੇੜੇ ਆ ਗਏ। ਜੋੜੇ ਨੂੰ ਵਧਾਈ ਦੇਣ ਲਈ ਮਾਕਪਾ ਪੋਲਿਤ ਬਿਊਰੋ ਮੈਂਬਰ ਐਮ.ਏ. ਬੇਬੀ ਨੇ ਉਨ੍ਹਾਂ ਨੂੰ ਇਕ ਕਿਤਾਬ ਤੋਹਫ਼ੇ ਵਜੋਂ ਭੇਟ ਕੀਤੀ।
ਸਚਿਨ ਦੇਵ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਲੀਡ ਨਾਲ ਬਲੂਸੇਰੀ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਆਰੀਆ ਰਾਜੇਂਦਰਨ ਸਚਿਨ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਦੇ ਤੌਰ 'ਤੇ ਬਲੂਸੇਰੀ ਪਹੁੰਚੇ ਸਨ। ਉਹ ਕੇਰਲ ਦੀ 15ਵੀਂ ਵਿਧਾਨ ਸਭਾ ਵਿਚ ਸਭ ਤੋਂ ਘੱਟ ਉਮਰ ਦੇ ਮੈਂਬਰ ਹਨ। ਸਚਿਨ ਅਤੇ ਆਰਿਆ ਅਗਲੇ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
ਦੱਸ ਦੇਈਏ ਕਿ ਸਚਿਨ ਦੇਵ ਕੋਝੀਕੋਡ ਦੇ ਨੇਲੀਕੋਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕੋਝੀਕੋਡ ਦੇ ਗਵਰਨਮੈਂਟ ਆਰਟਰਜ਼ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿਚ ਬੀ. ਏ. ਕੀਤੀ ਹੈ ਅਤੇ ਕੋਝੀਕੋਡ ਦੇ ਲਾਅ ਕਾਲਜ ਤੋਂ ਐੱਲ. ਐੱਲ. ਬੀ. ਦੀ ਪੜ੍ਹਾਈ ਪੂਰੀ ਕੀਤੀ ਹੈ। ਉਥੇ ਹੀ ਤਿਰੂਵਨੰਤਪੁਰਮ ਦੀ ਰਹਿਣ ਵਾਲੀ ਆਰੀਆ ਗਣਿਤ ’ਚ ਗਰੈਜੂਏਟ ਹਨ। ਉਨ੍ਹਾਂ ਦੇ ਪਿਤਾ ਇਲੈਟ੍ਰੀਸ਼ੀਅਨ ਹਨ ਅਤੇ ਮਾਂ ਜੀਵਨ ਬੀਮਾ ਨਿਗਮ ਕਰਮਚਾਰੀ ਹੈ।