ਕੇਜਰੀਵਾਲ ਨੂੰ ਮਿਲਿਆ ਤੇਲੰਗਾਨਾ ਦਾ ਸਾਥ, CM ਚੰਦਰਸ਼ੇਖਰ ਰਾਓ ਨੇ ਕਿਹਾ- PM ਮੋਦੀ ਵਾਪਸ ਲੈਣ ਆਰਡੀਨੈਂਸ
Saturday, May 27, 2023 - 04:04 PM (IST)
ਨਵੀਂ ਦਿੱਲੀ- ਦਿੱਲੀ 'ਚ ਸੇਵਾਵਾਂ ਦੇ ਕੰਟਰੋਲ 'ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਲਈ ਮੁੱਖ ਮੰਤਰੀ ਕੇਜਰੀਵਾਲ ਅਤੇ ਭਗਵੰਤ ਮਾਨ ਦੇਸ਼ ਵਿਆਪੀ ਦੌਰੇ 'ਤੇ ਹਨ। ਅੱਜ ਯਾਨੀ ਕਿ ਸ਼ਨੀਵਾਰ ਨੂੰ ਦੋਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ KCR ਚੰਦਰਸ਼ੇਖਰ ਰਾਓ ਨਾਲ ਹੈਦਰਾਬਾਦ ਵਿਖੇ ਮੁਲਾਕਾਤ ਕੀਤੀ। ਜਿਨ੍ਹਾਂ ਨੇ ਕੇਜਰੀਵਾਲ ਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਇਸ ਮੁਲਾਕਾਤ ਮਗਰੋਂ ਤਿੰਨੋਂ ਮੁੱਖ ਮੰਤਰੀਆਂ ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫਰੰਸ ਕੀਤੀ।
ਇਹ ਵੀ ਪੜ੍ਹੋ- ਕੇਂਦਰ ਦੇ ਆਰਡੀਨੈਂਸ ਖ਼ਿਲਾਫ 'ਆਪ' ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ
ਚੰਦਰਸ਼ੇਖਰ ਰਾਓ ਨੇ ਕਿਹਾ- ਇਹ ਆਰਡੀਨੈਂਸ ਦੇਸ਼ ਦੇ ਖ਼ਿਲਾਫ਼
ਪ੍ਰੈੱਸ ਕਾਨਫਰੰਸ ਦੌਰਾਨ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਪ੍ਰਸਿੱਧ ਪਾਰਟੀ ਹੈ। ਕੇਜਰੀਵਾਲ ਨੇ ਦਿੱਲੀ ਦੇ ਵਿਕਾਸ ਲਈ ਬਹੁਤ ਕੰਮ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹਾ ਆਰਡੀਨੈਂਸ ਲਿਆ ਕੇ ਗਲਤ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਉਨ੍ਹਾਂ ਨੇ ਕਿਸਾਨਾਂ ਨਾਲ ਸਬੰਧਤ ਖੇਤੀਬਾੜੀ ਕਾਨੂੰਨ ਵਾਪਸ ਲਏ ਸਨ, ਉਸ ਤਰ੍ਹਾਂ ਇਸ ਆਰਡੀਨੈਂਸ ਨੂੰ ਵੀ ਵਾਪਸ ਲੈਣਾ ਚਾਹੀਦਾ ਹੈ। ਇਹ ਚੰਗਾ ਨਹੀਂ ਹੈ, ਤੁਸੀਂ ਐਮਰਜੈਂਸੀ ਲਿਆਉਣ ਦੀ ਸਥਿਤੀ ਲਿਆ ਰਹੇ ਹੋ। ਭਾਜਪਾ ਦੇ ਨੇਤਾ ਹਮੇਸ਼ਾ ਆਖਦੇ ਹਨ ਕਿ ਐਮਰਜੈਂਸੀ ਦੇ ਕਾਲੇ ਦਿਨ, ਇਹ ਕਿਹੜੇ ਚੰਗੇ ਦਿਨ ਹਨ। ਇਹ ਐਮਰਜੈਂਸੀ ਤੋਂ ਵੀ ਮਾੜਾ ਹੈ, ਤੁਸੀਂ ਇਸ ਨੂੰ ਵਾਪਸ ਲਓ। ਇਹ ਤੁਹਾਨੂੰ ਸਬਕ ਸਿਖਾਏਗਾ, ਜਿਵੇਂ ਕਰਨਾਟਕ 'ਚ ਜਨਤਾ ਨੇ ਸਿਖਾਇਆ ਹੈ। ਇਹ ਆਰਡੀਨੈਂਸ ਦੇਸ਼ ਲਈ, ਲੋਕਤੰਤਰ ਲਈ ਚੰਗਾ ਨਹੀਂ ਹੈ।
ਇਹ ਵੀ ਪੜ੍ਹੋ- ਕੇਜਰੀਵਾਲ ਨੇ ਤੇਲੰਗਾਨਾ ਦੇ CM ਚੰਦਰਸ਼ੇਖਰ ਨਾਲ ਕੀਤੀ ਮੁਲਾਕਾਤ, ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਮੰਗਿਆ ਸਮਰਥਨ
ਕੇਜਰੀਵਾਲ ਬੋਲੇ- ਮੋਦੀ ਸਰਕਾਰ ਨੇ ਸਾਡੀ ਤਾਕਤ ਨੂੰ ਖੋਹਿਆ ਹੈ
ਓਧਰ ਕੇਜਰੀਵਾਲ ਨੇ ਕਿਹਾ ਕਿ ਰਾਓ ਸਾਬ੍ਹ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ। ਅਸੀਂ ਪੂਰੀ ਗੱਲ ਉਨ੍ਹਾਂ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਉਹ ਪਾਰਟੀ ਅਤੇ ਦਿੱਲੀ ਨਾਲ ਹਨ। ਜੋ ਆਰਡੀਨੈਂਸ ਪਾਸ ਕੀਤਾ ਗਿਆ, ਉਹ ਜਨਤੰਤਰ ਖ਼ਿਲਾਫ਼ ਹੈ। ਉਨ੍ਹਾਂ ਨੇ ਸਾਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਦੇ ਸਮਰਥਨ ਨਾਲ ਸਾਨੂੰ ਬਹੁਤ ਤਾਕਤ ਮਿਲੀ ਹੈ। ਕੇਜਰੀਵਾਲ ਨੇ ਕਿਹਾ ਕਿ ਫਰਵਰੀ 2015 'ਚ ਜਦੋਂ ਸਾਡੀ ਸਰਕਾਰ ਬਣੀ ਤਾਂ 23 ਮਈ ਸਿਰਫ 3 ਮਹੀਨਿਆਂ ਬਾਅਦ ਮੋਦੀ ਸਰਕਾਰ ਨੇ ਇਕ ਨੋਟੀਫ਼ਿਕੇਸ਼ਨ ਲਿਆ ਕੇ ਸਾਡੀ ਸਾਰੀ ਤਾਕਤ ਖੋਹ ਲਈ। ਸਾਡੇ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ। ਉਨ੍ਹਾਂ ਦਾ ਦਿੱਲੀ 'ਤੇ ਪੂਰਾ ਕੰਟਰੋਲ ਸੀ। ਸਾਡੀ ਸਰਕਾਰ ਆਉਣ ਮਗਰੋਂ ਸਾਡੀ ਸਾਰੀ ਤਾਕਤ ਖੋਹ ਲਈ। 8 ਸਾਲ ਤੱਕ ਦਿੱਲੀ ਦੇ ਲੋਕਾਂ ਨੂੰ 'ਅਪੰਗ' ਕਰ ਕੇ ਰੱਖਿਆ। ਅਸੀਂ ਹਾਈ ਕੋਰਟ, ਸੁਪਰੀਮ ਕੋਰਟ 'ਚ ਲੜਦੇ ਰਹੇ। ਆਖ਼ਰਕਾਰ 11 ਮਈ 2023 ਨੂੰ ਸੁਪਰੀਮ ਕੋਰਟ ਨੇ ਦਿੱਲੀ ਦੇ ਹੱਕ 'ਚ ਫ਼ੈਸਲਾ ਲਿਆ। ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਾ ਅਧਿਕਾਰ ਮਿਲਿਆ। ਮੋਦੀ ਸਰਕਾਰ ਨੇ 8 ਦਿਨ ਦੇ ਅੰਦਰ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪਲਟ ਦਿੱਤਾ।
ਇਹ ਵੀ ਪੜ੍ਹੋ- ਆਮ ਆਦਮੀ ਪਾਰਟੀ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਸੁਸ਼ੀਲ ਗੁਪਤਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਆਰਡੀਨੈਂਸ ਲਿਆਂਦਾ ਸੀ, ਜਿਸ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ ਸੀ। ਅਦਾਲਤ ਨੇ ਜਿੱਥੇ ਤਬਾਦਲੇ ਅਤੇ ਤਾਇਨਾਤੀ ਦੇ ਮਾਮਲੇ ਵਿਚ ਮੁੱਖ ਮੰਤਰੀ ਕੇਜਰੀਵਾਲ ਨੂੰ ਸਾਰੇ ਅਧਿਕਾਰ ਦਿੱਤੇ ਸਨ, ਉੱਥੇ ਹੀ ਕੇਂਦਰ ਸਰਕਾਰ ਨੇ ਆਰਡੀਨੈਂਸ ਰਾਹੀਂ ਸਾਰੇ ਅਧਿਕਾਰ ਉਪ ਰਾਜਪਾਲ (LG) ਨੂੰ ਵਾਪਸ ਦੇ ਦਿੱਤੇ ਹਨ। ਹੁਣ ਇਸ ਆਰਡੀਨੈਂਸ ਦੇ ਖਿਲਾਫ ਕੇਜਰੀਵਾਲ ਮੋਦੀ ਸਰਕਾਰ ਖਿਲਾਫ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਅਤੇ ਆਪਣੇ ਲਈ ਸਮਰਥਨ ਮੰਗਣ ਦੀ ਕਵਾਇਦ 'ਚ ਲੱਗੇ ਹੋਏ ਹਨ। ਕੇਜਰੀਵਾਲ ਚਾਹੁੰਦੇ ਹਨ ਕਿ ਜਦੋਂ ਕੇਂਦਰ ਸਰਕਾਰ ਇਸ ਆਰਡੀਨੈਂਸ ਨੂੰ ਰਾਜ ਸਭਾ ਵਿਚ ਬਿੱਲ ਦੇ ਰੂਪ ਵਿਚ ਲਿਆਵੇ ਤਾਂ ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰੇ, ਤਾਂ ਜੋ ਇਹ ਕਾਨੂੰਨ ਨਾ ਬਣ ਸਕੇ।