ਕੇਜਰੀਵਾਲ ਨੂੰ ਸਿੰਧਖੇੜ ਰਾਜਾ ''ਚ ਜਨ ਸਭਾ ਕਰਨ ਦੀ ਨਹੀਂ ਮਿਲੀ ਇਜਾਜ਼ਤ
Saturday, Jan 06, 2018 - 05:00 PM (IST)

ਬੁਲਢਾਨਾ (ਮਹਾਰਾਸ਼ਟਰ)— ਪੁਲਸ ਨੇ ਭੀੜ ਸੰਭਾਲਣ 'ਚ ਮੁਸ਼ਕਲਾਂ ਪੇਸ਼ ਆਉਣ ਦਾ ਜ਼ਿਕਰ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 12 ਜਨਵਰੀ ਨੂੰ ਸਿੰਧਖੇੜ ਰਾਜਾ 'ਚ ਇਕ ਜਨਸਭਾ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਮਹਾਰਾਸ਼ਟਰ 'ਚ ਵਿਦਰਭ ਜ਼ਿਲੇ ਦੇ ਸਿੰਧਖੇੜ ਰਾਜਾ 'ਚ 'ਜਿਜਾਊ ਜਨਮ ਉਤਸਵ ਸੋਹਲਾ' ਦੌਰਾਨ ਜਨ ਸਭਾ ਨੂੰ ਸੰਬੋਧਨ ਕਰਨ ਵਾਲੇ ਸਨ। ਪੁਲਸ ਸੁਪਰਡੈਂਟ ਸੁਸ਼ੀਲ ਕੁਮਾਰ ਮੀਣਾ ਨੇ ਦੱਸਿਆ,''ਪਹਿਲਾਂ ਕੇਜਰੀਵਾਲ ਜੀਜਾਮਾਤਾ (ਛੱਤਰਪਤੀ ਸ਼ਿਵਾਜੀ ਦੀ ਮਾਂ ਜੀਜਾਬਾਈ) ਦੀ ਜਯੰਤੀ 'ਤੇ ਉਨ੍ਹਾਂ ਦੇ ਦਰਸ਼ਨ ਲਈ ਆਉਣ ਵਾਲੇ ਸਨ। ਸਿੰਧਖੇੜ ਰਾਜਾ 'ਚ ਉਨ੍ਹਾਂ ਨੂੰ ਇਕ ਜਗ੍ਹਾ ਜਨਸਭਾ ਨੂੰ ਸੰਬੋਧਨ ਕਰਨਾ ਸੀ ਪਰ ਪੁਲਸ ਨੇ ਇਸ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ।''
ਉਨ੍ਹਾਂ ਨੇ ਦੱਸਿਆ,''ਪੁਲਸ ਨੇ ਭੀੜ ਨੂੰ ਸੰਭਾਲਣ 'ਚ ਮੁਸ਼ਕਲ ਪੇਸ਼ ਆਉਣ ਦਾ ਜ਼ਿਕਰ ਕਰਦੇ ਹੋਏ ਜਨ ਸਭਾ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ।'' ਜ਼ਿਕਰਯੋਗ ਹੈ ਕਿ ਜੀਜਾਬਾਈ 17ਵੀਂ ਸਦੀ ਦੇ ਮਰਾਠਾ ਸ਼ਾਸਕ ਛੱਤਰਪਤੀ ਸ਼ਿਵਾਜੀ ਦੀ ਮਾਂ ਸੀ ਅਤੇ ਸਿੰਧਖੇੜ ਰਾਜਾ 'ਚ ਹਰ ਸਾਲ ਉਨ੍ਹਾਂ ਦੀ ਜਯੰਤੀ ਮਨਾਈ ਜਾਂਦੀ ਹੈ। ਹਰ ਸਾਲ 11 ਅਤੇ 12 ਜਨਵਰੀ ਨੂੰ ਪ੍ਰੋਗਰਾਮ ਦਾ ਆਯੋਜਨ ਹੁੰਦਾ ਹੈ ਅਤੇ ਜਿਜਾਊ ਦੇ ਦਰਸ਼ਨ ਲਈ ਸਿੰਧਖੇੜ ਰਾਜਾ 'ਚ ਲੱਖਾਂ ਲੋਕ ਪੁੱਜਦੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਸਿੰਧਖੇੜ ਰਾਜਾ 'ਚ ਚਾਰ ਤੋਂ 5 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਹਾਲਾਂਕਿ ਮੀਣਾ ਨੇ ਦੱਸਿਆ ਕਿ ਕੇਜਰੀਵਾਲ ਨੂੰ ਜੀਜਾਬਾਈ ਦੇ ਦਰਸ਼ਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਜਰੀਵਾਲ ਦੀ ਜਨ ਸਭਾ ਦਾ ਆਯੋਜਨ 'ਸੰਵਿਧਾਨ ਮੋਰਚਾ' ਵੱਲੋਂ ਕੀਤਾ ਜਾਣਾ ਸੀ।