ਪੰਜਾਬ ਕੌਸ਼ਲ ਵਿਕਾਸ ਮਿਸ਼ਨ ਤਹਿਤ 75 ਨੌਜਵਾਨਾਂ ਨੂੰ ਮਿਲੀ ਵੱਕਾਰੀ ਕੰਪਨੀਆਂ ’ਚ ਨੌਕਰੀ
Wednesday, Jul 23, 2025 - 11:25 PM (IST)

ਜਲੰਧਰ (ਪੁਨੀਤ) – ਪੰਜਾਬ ਕੌਸ਼ਲ ਵਿਕਾਸ ਮਿਸ਼ਨ ਤਹਿਤ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ 75 ਲੜਕੇ-ਲੜਕੀਆਂ ਨੂੰ ਵੱਕਾਰੀ ਕੰਪਨੀਆਂ ਵਿਚ ਨੌਕਰੀਆਂ ਮਿਲੀਆਂ ਹਨ। ਇਸ ਕਾਰਨ ਅੱਜ ਦਾ ਦਿਨ ਇਨ੍ਹਾਂ ਸਾਰੇ ਨੌਜਵਾਨਾਂ ਲਈ ਇਕ ਨਵੀਂ ਸ਼ੁਰੂਆਤ ਲੈ ਕੇ ਆਇਆ ਹੈ। ਡੀ. ਸੀ. ਡਾ.ਹਿਮਾਂਸ਼ੂ ਅਗਰਵਾਲ ਨੇ ਨਵ-ਨਿਯੁਕਤ ਨੌਜਵਾਨਾਂ ਦਾ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਵਾਗਤ ਕਰਦਿਆਂ ਉਨ੍ਹਾਂ ਦਾ ਉਤਸ਼ਾਹ ਵਧਾਇਆ ਅਤੇ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਡਾ. ਅਗਰਵਾਲ ਨੇ ਕਿਹਾ ਕਿ ਇਹ ਸਿਰਫ ਇਕ ਨੌਕਰੀ ਨਹੀਂ, ਸਗੋਂ ਇਕ ਮਜ਼ਬੂਤ ਭਵਿੱਖ ਵੱਲ ਪਹਿਲਾ ਕਦਮ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੰਚਾਲਿਤ ਕੌਸ਼ਲ ਟ੍ਰੇਨਿੰਗ ਕੋਰਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ।
ਇਸ ਮੌਕੇ ਏ. ਡੀ. ਸੀ. ਪੇਂਡੂ ਵਿਕਾਸ ਵਿਵੇਕ ਮੋਦੀ ਸਮੇਤ ਕਈ ਅਧਿਕਾਰੀ ਹਾਜ਼ਰ ਸਨ। ਟ੍ਰੇਨਿੰਗ ਮੁਕੰਮਲ ਕਰਨ ਵਾਲੇ ਨੌਜਵਾਨ ਹਰਿਆਣਾ ਸਥਿਤ ਡੀ. ਐੱਚ. ਐੱਲ., ਐਮਾਜ਼ੋਨ, ਫਲਿੱਪਕਾਰਟ, ਬਲਿੰਕਿਟ ਅਤੇ ਲੈਂਸਕਾਰਟ ਵਰਗੀਆਂ ਕੰਪਨੀਆਂ ਵਿਚ ਸਫਲਤਾਪੂਰਵਕ ਚੁਣੇ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਕੌਸ਼ਲ ਵਿਕਾਸ ਮਿਸ਼ਨ ਤਹਿਤ ਜ਼ਿਲੇ ਵਿਚ ਵੇਅਰਹਾਊਸ ਐਸੋਸੀਏਟਸ, ਗੈਸਟ ਸਰਵਿਸ ਐਗਜ਼ੀਕਿਊਟਿਵ (ਫਰੰਟ ਆਫਿਸ), ਹੌਸਪੀਟਲ ਫਰੰਟ ਡੈਸਕ ਕੋਆਰਡੀਨੇਟਰ, ਟੈਲੀਹੈਲਥ ਸਰਵਿਸ ਕੋਆਰਡੀਨੇਟਰ, ਸੋਸ਼ਲ ਮੀਡੀਆ ਇਨਫਲੂਐਂਸਰ, ਜਨਰਲ ਡਿਊਟੀ ਅਸਿਸਟੈਂਟ, ਐਮਰਜੈਂਸੀ ਕੇਅਰ ਅਸਿਸਟੈਂਟ ਸ਼ਾਮਲ ਹਨ।
ਪ੍ਰੋਗਰਾਮ ਦੇ ਆਖੀਰ ਵਿਚ ਏ. ਡੀ.ਸੀ. ਵਿਵੇਕ ਮੋਦੀ ਨੇ ਨੌਕਰੀ ਪ੍ਰਾਪਤ ਕਰ ਚੁੱਕੇ ਇਨ੍ਹਾਂ ਨੌਜਵਾਨਾਂ ਨੂੰ ਬੱਸ ਰਾਹੀਂ ਉਨ੍ਹਾਂਦੇ ਰੋਜ਼ਗਾਰ ਸਥਾਨਾਂ ਲਈ ਰਵਾਨਾ ਕੀਤਾ। ਇਸ ਮੌਕੇ ਨੀਲਮ ਮਹੇ, ਵਿਪਨ ਸ਼ਰਮਾ, ਸੂਰਜ ਕਲੇਰ ਆਦਿ ਹਾਜ਼ਰ ਸਨ।