ਕੇਜਰੀਵਾਲ ਅਤੇ ਸਾਥੀ ਮੰਤਰੀਆਂ ਦੇ ਇਲਾਜ ’ਤੇ 4 ਸਾਲ ’ਚ 50 ਲੱਖ ਰੁਪਏ ਤੋਂ ਵੱਧ ਦਾ ਹੋਇਆ ਖਰਚ

10/23/2019 1:33:38 AM

ਨਵੀਂ ਦਿੱਲੀ — ਬੀਤੇ 4 ਸਾਲ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰਨਾਂ ਸਾਥੀ ਮੰਤਰੀਆਂ ਦੇ ਇਲਾਜ ’ਤੇ ਸਰਕਾਰੀ ਖਜ਼ਾਨੇ ’ਚੋਂ 50 ਲੱਖ ਤੋਂ ਵੱਧ ਦੀ ਰਕਮ ਖਰਚ ਹੋਈ। ਭਾਜਪਾ ਨੇ ਇਕ ਆਰ. ਟੀ. ਆਈ. ਰਾਹੀਂ ਹਾਸਲ ਹੋਈ ਜਾਣਕਾਰੀ ਦੇ ਹਵਾਲੇ ਨਾਲ ਇਹ ਖੁਲਾਸਾ ਕੀਤਾ ਹੈ। ਇਸ ਮੁਤਾਬਕ ਇਸ ’ਚੋਂ ਲਗਭਗ 25 ਲੱਖ ਰੁਪਏ ਕੇਜਰੀਵਾਲ, ਸਿਸੋਦੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ’ਤੇ ਖਰਚ ਹੋਏ।

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਮੰਗਲਵਾਰ ਦੱਸਿਆ ਕਿ ਕੇਜਰੀਵਾਲ ਦੇ ਇਲਾਜ ’ਤੇ 12 ਲੱਖ 18 ਹਜ਼ਾਰ 027 ਰੁਪਏ ਖਰਚ ਹੋਏ। ਸਿਸੋਦੀਆ ਨੇ 4 ਸਾਲ ’ਚ 35 ਵਾਰ ਇਲਾਜ ਕਰਵਾਇਆ ਅਤੇ ਕੁਲ ਖਰਚ 13 ਲੱਖ 25 ਹਜ਼ਾਰ 339 ਰੁਪਏ ਹੋਇਆ। ਇਸ ਰਕਮ ’ਚੋਂ ਸਿਸੋਦੀਆ ’ਤੇ ਇਕ ਵੀ ਪੈਸਾ ਖਰਚ ਨਹੀਂ ਕੀਤਾ ਗਿਆ। ਸਾਰਾ ਖਰਚਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ’ਤੇ ਹੋਇਆ।

ਇਸ ਤੋਂ ਇਲਾਵਾ ਗੋਪਾਲ ਰਾਏ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਤੇ ਇਲਾਜ ਦੌਰਾਨ 7 ਲੱਖ 22 ਹਜ਼ਾਰ 558 ਰੁਪਏ ਖਰਚ ਹੋਏ। ਇਮਰਾਨ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ’ਤੇ ਸਰਕਾਰੀ ਖਜ਼ਾਨੇ ’ਚੋਂ 2 ਲੱਖ 46 ਹਜ਼ਾਰ 748 ਰੁਪਏ ਖਰਚ ਕੀਤੇ ਗਏ। ਸਭ ਤੋਂ ਘੱਟ ਖਰਚ ਸਤਿੰਦਰ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ’ਤੇ ਹੋਇਆ, ਜੋ 60,293 ਰੁਪਏ ਸੀ।

ਤਿਵਾੜੀ ਨੇ ਕਿਹਾ ਕਿ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਹਰ ਕੋਈ ਵਧੀਆ ਤੋਂ ਵਧੀਆ ਇਲਾਜ ਚਾਹੁੰਦਾ ਹੈ। ਭਾਜਪਾ ਇਸ ਗੱਲ ਦੇ ਵਿਰੁੱਧ ਨਹੀਂ ਹੈ ਪਰ ਕੇਜਰੀਵਾਲ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਕਿਸ ਬੀਮਾਰੀ ਲਈ ਅਤੇ ਕਿੱਥੋਂ ਆਪਣਾ ਇਲਾਜ ਕਰਵਾਇਆ। ਖੁਦ ਕੇਜਰੀਵਾਲ ਸਰਕਾਰੀ ਹਸਪਤਾਲਾਂ ’ਚ ਸਭ ਸਹੂਲਤਾਂ ਦੇਣ ਦਾ ਦਾਅਵਾ ਕਰਦੇ ਹਨ। ਉਹ ਮੁਹੱਲਾ ਕਲੀਨਕਾਂ ਦੀ ਸ਼ਲਾਘਾ ਕਰਦਿਆਂ ਨਹੀਂ ਥੱਕਦੇ ਤਾਂ ਫਿਰ ਉਨ੍ਹਾਂ ਦੇ ਮੰਤਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਿਉਂ ਕਰਵਾਏ?


Inder Prajapati

Content Editor

Related News