ਕੇਦਾਰਨਾਥ ’ਚ ਭਾਰੀ ਬਰਫਬਾਰੀ, ਸੋਨਪ੍ਰਯਾਗ ’ਚ ਰੋਕੇ ਗਏ 4 ਹਜ਼ਾਰ ਤੀਰਥ ਯਾਤਰੀ
Friday, Apr 28, 2023 - 01:36 PM (IST)
ਰੁਦਰਪ੍ਰਯਾਗ/ਗੋਪੇਸ਼ਵਰ, (ਬਿਊਰੋ)– ਬਦਰੀਨਾਥ, ਕੇਦਾਰਨਾਥ ਤੇ ਗੰਗੋਤਰੀ ਧਾਮਾਂ ’ਚ ਵੀਰਵਾਰ ਨੂੰ ਮੀਂਹ ਤੇ ਬਰਫਬਾਰੀ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ ਹੋਈ। ਕੇਦਾਰਨਾਥ ’ਚ ਲਗਭਗ 12.30 ਵਜੇ ਤੋਂ ਭਾਰੀ ਬਰਫਬਾਰੀ ਸ਼ੁਰੂ ਹੋ ਗਈ। ਧਾਮ ’ਚ ਹੋ ਰਹੀ ਤੇਜ਼ ਬਰਫਬਾਰੀ ਅਤੇ ਹੇਠਲੇ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਪ੍ਰਸ਼ਾਸਨ ਨੂੰ ਯਾਤਰਾ ਰੋਕ ਦੇਣੀ ਪਈ।
ਸੋਨਪ੍ਰਯਾਗ ’ਚ 2 ਵਜੇ ਤੋਂ ਬਾਅਦ ਯਾਤਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇੱਥੇ 4 ਹਜ਼ਾਰ ਸ਼ਰਧਾਲੂ ਰੋਕੇ ਗਏ ਹਨ। ਪੁਲਸ ਵੱਲੋਂ ਅਗਸਤਯਮੁਨੀ ਤੇ ਹੋਰ ਥਾਵਾਂ ’ਤੇ ਵੀ ਯਾਤਰੀਆਂ ਨੂੰ ਮੌਸਮ ਠੀਕ ਹੋਣ ਤਕ ਹੋਟਲ, ਲੌਜ ਆਦਿ ’ਚ ਰੁਕਣ ਦੀ ਅਪੀਲ ਕੀਤੀ ਗਈ ਹੈ। ਧਾਮ ’ਚ ਤੇਜ਼ ਬਰਫਬਾਰੀ ਕਾਰਨ ਕਾਰੋਬਾਰੀਆਂ ਨੇ ਮੰਦਰ ਦੇ ਰਸਤੇ ’ਤੇ ਖੁੱਲ੍ਹੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਹਨ।