ਦਿੱਲੀ ''ਚ ਰਹਿ ਰਹੇ ਕਸ਼ਮੀਰੀ ਪੱਤਰਕਾਰ ਅਤੇ ਘਾਟੀ ਦੇ 25 ਤੋਂ ਵੱਧ ਲੋਕ ਜਾਸੂਸੀ ਦੇ ਨਿਸ਼ਾਨੇ ''ਤੇ ਸਨ

Saturday, Jul 24, 2021 - 10:05 AM (IST)

ਨਵੀਂ ਦਿੱਲੀ- ਦਿੱਲੀ ਵਿਚ ਰਹਿ ਰਹੇ ਕੁਝ ਕਸ਼ਮੀਰੀ ਪੱਤਰਕਾਰਾਂ ਅਤੇ ਕਸ਼ਮੀਰ ਘਾਟੀ ਦੇ 25 ਤੋਂ ਵੱਧ ਲੋਕਾਂ ਨੂੰ 2017 ਅਤੇ 2019 ਦਰਮਿਆਨ ਫੋਨ ਟੈਪਿੰਗ ਲਈ ਸੰਭਾਵਿਤ ਟੀਚੇ ਦੇ ਰੂਪ 'ਚ ਇਕ ਅਣਪਛਾਤੀ ਸਰਕਾਰੀ ਏਜੰਸੀ ਵਲੋਂ ਚੁਣਿਆ ਗਿਆ ਸੀ, ਜਿਸ ਨੂੰ ਇਜ਼ਰਾਇਲੀ ਕੰਪਨੀ ਐੱਨ.ਐੱਸ.ਓ. ਗਰੁੱਪ ਦਾ ਇਕ ਗਾਹਕ ਵੀ ਮੰਨਿਆ ਜਾਂਦਾ ਹੈ। ਨਿਉਜ਼ ਪੋਰਟਲ 'ਦਿ ਵਾਇਰ' ਨੇ ਸ਼ੁੱਕਰਵਾਰ ਨੂੰ ਆਪਣੀ ਇਕ ਖ਼ਬਰ 'ਚ ਇਹ ਦਾਅਵਾ ਕੀਤਾ। ਖ਼ਬਰ 'ਚ ਕਿਹਾ ਗਿਆ ਕਿ ਇਸ ਮੁੱਦੇ 'ਤੇ ਰਿਪੋਰਟਿੰਗ ਕਰਨ ਵਾਲੇ ਪੇਗਾਸਸ ਪ੍ਰਾਜੈਕਟ ਸਮੂਹ ਦੇ ਮੀਡੀਆ ਹਿੱਸੇਦਾਰਾਂ ਵਲੋਂ ਲੀਕ ਕੀਤੀ ਗਈ ਸੂਚੀ 'ਚ ਕਸ਼ਮੀਰ ਦੇ ਕਈ ਪ੍ਰਮੁੱਖ ਵੱਖਵਾਦੀ ਆਗੂ, ਰਾਜਨੀਤਿਕ ਪਾਰਟੀਆਂ ਦੇ ਆਗੂ, ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰ ਅਤੇ ਵਪਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਭਾਸਕਰ ’ਤੇ ਇਨਕਮ ਟੈਕਸ ਦੇ ਛਾਪੇ, ਸਮੂਹ ਬੋਲਿਆ- ਕੋਰੋਨਾ ਰਿਪੋਟਾਂ ਦੀ ਪ੍ਰਤੀਕਿਰਿਆ, ਸਰਕਾਰ ਨੇ ਕਿਹਾ- ਕਾਰਵਾਈ ਵਿਭਾਗੀ

ਇਸ 'ਚ ਕਿਹਾ ਗਿਆ ਹੈ ਕਿ 2 ਵੱਖਵਾਦੀ ਆਗੂ ਬਿਲਾਲ ਲੋਨ ਅਤੇ ਮਰਹੂਮ ਐੱਸ.ਏ. ਆਰ. ਗਿਲਾਨੀ ਦੇ ਫ਼ੋਨ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਗਿਆ। ਗਿਲਾਨੀ ਨੇ ਦਿੱਲੀ ਯੂਨੀਵਰਸਿਟੀ 'ਚ ਲੈਕਚਰਰ ਦੇ ਰੂਪ 'ਚ ਸੇਵਾ ਦਿੱਤੀ ਸੀ ਅਤੇ 2018 'ਚ ਉਨ੍ਹਾਂ ਦੀ ਮੌਤ ਹੋ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੀ ਸਕਿਓਰਿਟੀ ਲੈਬ ਵਲੋਂ ਲੋਨ ਦੇ ਫ਼ੋਨ ਡਾਟਾ ਦੀ ਜਾਂਚ ਕੀਤੀ ਗਈ ਅਤੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਪੇਗਾਸਸ ਸਾਟਫਵੇਅਰ ਵਲੋਂ ਨਿਸ਼ਾਨਾ ਬਣਾਏ ਜਾਣ ਦੇ ਸੰਕੇਤ ਮਿਲੇ। ਦਿ ਵਾਇਰ ਨੇ ਕਿਹਾ ਕਿ ਲੀਕ ਹੋਏ ਡਾਟਾ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਪਰਿਵਾਰ ਦੇ ਘੱਟੋ-ਘੱਟ 2 ਮੈਂਬਰ ਸ਼ਾਮਲ ਹਨ। ਦੱਸਣਯੋਗ ਹੈ ਕਿ ਐਤਵਾਰ ਨੂੰ ਇਕ ਕੌਮਾਂਤਰੀ ਮੀਡੀਆ ਸਮੂਹ ਨੇ ਦੱਸਿਆ ਕਿ ਸਪਾਈਵੇਅਰ ਦੇ ਮਾਧਿਅਮ ਨਾਲ ਹੈਕਿੰਗ ਲਈ 2 ਕੇਂਦਰੀ ਮੰਤਰੀਆਂ, 40 ਤੋਂ ਵੱਧ ਪੱਤਰਕਾਰਾਂ, ਤਿੰਨ ਵਿਰੋਧੀ ਨੇਤਾਵਾਂ ਅਤੇ ਇਕ ਮੌਜੂਦਾ ਜੱਜ, ਕਈ ਉਦਯੋਗਪਤੀਆਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਦੇ 300 ਤੋਂ ਵੱਧ ਵੈਰੀਫਾਈ ਮੋਬਾਇਲ ਨੰਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇਗਾ। ਹਾਲਾਂਕਿ ਸਰਕਾਰ ਨੇ ਇਸ ਮਾਮਲੇ 'ਚ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 3 ਸਾਲ ਦੀ ਉਮਰ 'ਚ ਯੋਗ ਦੇ 35 ਵੱਖ-ਵੱਖ ਆਸਨ ਕਰ ਕੇ ਇਸ ਬੱਚੀ ਨੇ ਬਣਾਇਆ 'ਵਰਲਡ ਰਿਕਾਰਡ' (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News