ਕਸ਼ਮੀਰ ਦੇ ਇਸ ਨੌਜਵਾਨ ਨੇ ‘ਪਸ਼ਮੀਨਾ ਕਾਲੀਨ’ ’ਚ ਫੂਕੀ ਨਵੀਂ ਜਾਨ, ਖਾੜੀ ਦੇਸ਼ਾਂ ਨੇ ਕੀਤੀ ਰੱਜ ਕੇ ਤਾਰੀਫ਼
Wednesday, Feb 09, 2022 - 06:19 PM (IST)
ਕਸ਼ਮੀਰ- ਕਸ਼ਮੀਰ ਦਾ ਪਸ਼ਮੀਨਾ ਕਾਲੀਨ ਪੂਰੀ ਦੁਨੀਆ ’ਚ ਮਸ਼ਹੂਰ ਹੈ ਪਰ ਕਸ਼ਮੀਰੀ ਲੋਕ ਹੁਣ ਸਦੀਆਂ ਪੁਰਾਣੇ ਇਸ ਪੁਸ਼ਤੈਨੀ ਕੰਮ ਨੂੰ ਪਿੱਛੇ ਛੱਡ ਗਏ ਹਨ। ਬਦਲਦੇ ਬਾਜ਼ਾਰ ਦੇ ਚਲਨ ਅਤੇ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਨੇ ਹੈਂਡੀਕਰਾਫਟ (ਹਸਤਸ਼ਿਲਪ) ਉਦਯੋਗ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਅਜਿਹੇ ’ਚ ਹੁਣ ਕੁਝ ਨੌਜਵਾਨ ਇਸ ਉਦਯੋਗ ਨੂੰ ਸੰਕਟ ’ਚੋਂ ਬਾਹਰ ਕੱਢਣ ’ਚ ਲੱਗੇ ਹਨ। ਇਨ੍ਹਾਂ ਨੌਜਵਾਨਾਂ ਵਿਚੋਂ ਇਕ ਹੈ ਸ਼ਾਹਨਵਾਜ਼ ਅਹਿਮਦ ਸੂਫ਼ੀ।
ਸ਼ਾਹਨਵਾਜ਼ ਕਹਿੰਦੇ ਹਨ ਕਿ ਮੇਰੇ ਪਿਤਾ ਕਦੇ ਨਹੀਂ ਚਾਹੁੰਦੇ ਸਨ ਕਿ ਮੈਂ ਇਸ ਪੇਸ਼ੇ ਵਿਚ ਆਵਾਂ। ਉਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਕਾਲੀਨ ਦੀ ਬੁਣਾਈ ’ਚ ਚੰਗਾ ਨਹੀਂ ਹਾਂ। ਉਨ੍ਹਾਂ ਦੇ ਪਿਤਾ ਨੂੰ ਵਿਰਾਸਤ ’ਚ ਮਿਲਿਆ ਪੇਸ਼ਾ ਆਪਣੇ ਤਿੰਨ ਵੱਡੇ ਪੁੱਤਰਾਂ ਨੂੰ ਦੇ ਦਿੱਤਾ। ਅਖੀਰ ਵਿਚ ਪਿਤਾ ਨੇ ਆਪਣੇ ਪੁੱਤਰ ਦੀ ਕਲਾ ਤੋਂ ਪ੍ਰੇਰਿਤ ਹੋ ਕੇ ਸ਼ਾਹਨਵਾਜ਼ ਨੂੰ ਇਸ ਪੇਸ਼ੇ ਵਿਚ ਆਉਣ ਦਿੱਤਾ।
ਸ਼ਾਹਨਵਾਜ਼ ਨੇ ਨਵੀਂ ਤਕਨੀਕ ਦਾ ਇਸਤੇਮਾਲ ਕਰ ਕੇ ਕਾਲੀਨ ਬੁਣਾਈ ’ਚ ਨਵੀਂ ਜਾਨ ਫੂਕੀ। ਉਨ੍ਹਾਂ ਨੇ ਕਾਲੀਨ ਦੀ ਬੁਣਾਈ ਲਈ ਨਾ ਸਿਰਫ਼ ਕੈਲੀਗ੍ਰਾਫ਼ੀ ਸਗੋਂ ਕਾਰਪੇਟ ਬੁਣਾਈ ’ਚ ਸੋਨੇ ਅਤੇ ਚਾਂਦੀ ਦੇ ਧਾਗਿਆਂ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਕਾਲੀਨ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰ ਕੇ ਬੁਣੇ ਗਏ ਹਨ ਅਤੇ ਉਨ੍ਹਾਂ ਦੇ ਕਾਲੀਨਾਂ ਨੂੰ ਖਾੜੀ ਦੇਸ਼ਾਂ ਨੇ ਬਹੁਤ ਸਰਾਹਿਆ ਗਿਆ।
ਸ਼ਾਹਨਵਾਜ਼ ਹੁਣ ਸਦੀਆਂ ਪੁਰਾਣੀ ਇਸ ਪਰੰਪਰਾ ਨੂੰ ਕੌਮਾਂਤਰੀ ਪਹਿਚਾਣ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰੀ ਕਾਲੀਨ ਆਮ ਤੌਰ ’ਤੇ ਫ਼ਾਰਸੀ ਸ਼ੈਲੀ ਨਾਲ ਜੁੜੇ ਹੁੰਦੇ ਹਨ ਪਰ ਹੁਣ ਉਹ ਇਕ ਨਵੇਂ ਤਰੀਕੇ ਨਾਲ ਵਿਕਸਿਤ ਹੋ ਰਹੇ ਹਨ। ਉਨ੍ਹਾਂ ਨੇ ਕੰਧਾਂ ਅਤੇ ਹੋਰ ਘਰੇਲੂ ਥਾਵਾਂ ਨੂੰ ਸਜਾਉਣ ਲਈ ਕਾਲੀਨ ਬੁਣਨੇ ਸ਼ੁਰੂ ਕਰ ਦਿੱਤੇ, ਜੋ ਕਾਫੀ ਲੋਕਪਿ੍ਰਅ ਹੋਏ। ਸ਼ਾਹਨਵਾਜ਼ ਦੇ ਇਸ ਕੰਮ ’ਚ ਪਹਿਲ ਲਈ ਉਨ੍ਹਾਂ ਨੂੰ ਸਥਾਨਕ ਸਮਾਜਿਕ ਉੱਦਮੀ ਇਮਾਦ ਪਰਵੇਜ਼ ਦਾ ਸਹਿਯੋਗ ਮਿਲਿਆ ਹੈ।