ਕਰਨਾਟਕ : ਮੰਤਰੀ ਨੇ ਖਿਡਾਰੀਆਂ ਨੂੰ ਸਪੋਰਟਸ ਕਿੱਟ ਵੰਡਣ ਦੀ ਥਾਂ ਸੁੱਟੀਆਂ, ਵਿਵਾਦਾਂ ''ਚ ਘਿਰੇ

Thursday, Nov 01, 2018 - 02:17 PM (IST)

ਕਰਨਾਟਕ : ਮੰਤਰੀ ਨੇ ਖਿਡਾਰੀਆਂ ਨੂੰ ਸਪੋਰਟਸ ਕਿੱਟ ਵੰਡਣ ਦੀ ਥਾਂ ਸੁੱਟੀਆਂ, ਵਿਵਾਦਾਂ ''ਚ ਘਿਰੇ

ਕਾਰਵਾਰ— ਮੰਤਰੀ ਅਜੀਬੋ-ਗਰੀਬ ਬਿਆਨ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਕਰਨਾਟਕ ਦੇ ਮਾਲ ਮੰਤਰੀ ਆਪਣੀ ਇਕ ਗਲਤੀ ਕਾਰਨ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ ਮਾਲ ਮੰਤਰੀ ਆਰਵੀ ਦੇਸ਼ਪਾਂਡੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਸ਼ਪਾਂਡੇ ਰਾਸ਼ਟਰੀ, ਸੂਬਾ ਪੱਧਰ ਅਤੇ ਜ਼ਿਲਾ ਪੱਧਰ ਦੇ ਖਿਡਾਰੀਆਂ ਨੂੰ ਮੰਚ ਦੇ ਉੱਪਰ ਤੋਂ ਹੀ ਸਪੋਰਟਸ ਕਿੱਟ (ਖੇਡ ਕਿੱਟਾਂ) ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਦੇਸ਼ਪਾਂਡੇ ਕਾਰਵਾਰ ਦੇ ਹਰਿਆਲਾ ਇਲਾਕੇ ਵਿਚ ਆਯੋਜਿਤ ਇਕ ਸਮਾਰੋਹ ਵਿਚ ਪਹੁੰਚੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੇਸ਼ਪਾਂਡੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ, ਜਿਸ ਤੋਂ ਬਾਅਦ ਮੰਤਰੀ ਨੇ ਇਸ 'ਤੇ ਸਫਾਈ ਦਿੱਤੀ। 


 

ਇਸ ਪੂਰੇ ਮਾਮਲੇ ਵਿਚ ਮਾਲ ਮੰਤਰੀ ਦੇਸ਼ਪਾਂਡੇ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਸਾਡੇ ਹੀ ਬੱਚੇ ਹਨ ਅਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਕੁਝ ਲੋਕ ਬਿਨਾਂ ਮਤਲਬ ਦੇ ਹੀ ਇਸ ਗੱਲ ਨੂੰ ਲੈ ਕੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਦੇਸ਼ਪਾਂਡੇ ਨੇ ਅਜਿਹੀ ਗਲਤੀ ਪਹਿਲੀ ਵਾਰ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਰਨਾਟਕ ਦੇ ਕੋਡਾਗੁ ਵਿਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਇੰਝ ਹੀ ਸੁੱਟ-ਸੁੱਟ ਕੇ ਦਿੱਤੀ ਸੀ, ਇਸ ਲਈ ਵੀ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਦੇਸ਼ਪਾਂਡੇ ਆਪਣੇ ਚੋਣ ਖੇਤਰ ਵਿਚ ਪੀ. ਡਬਲਿਊ. ਡੀ. ਵਲੋਂ ਬਣਾਏ ਗਏ ਇਨਡੋਰ ਸਟੇਡੀਅਮ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਅਤੇ ਕਿਤੇ ਹੋਰ ਜਾਣ ਲਈ ਕਾਹਲੇ ਸਨ। ਸਟੇਡੀਅਮ ਦਾ ਉਦਘਾਟਨ ਕਰਨ ਮਗਰੋਂ ਉਨ੍ਹਾਂ ਨੇ ਸਪੋਰਟਸ ਕਿੱਟ ਵੰਡੀਆਂ ਸ਼ੁਰੂ ਕਰ ਦਿੱਤੀਆਂ ਸਨ। ਕਿੱਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਲੰਬੀ ਸੀ। ਇਸ ਲਈ ਜ਼ਿਆਦਾ ਸਮਾਂ ਲੱਗਦਾ ਦੇਖ ਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਮੰਚ ਕੋਲ ਬੁਲਾਇਆ ਅਤੇ ਕਿੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।

 


Related News