ਕਰਨਾਟਕ ਚੋਣਾਂ: ਭਾਜਪਾ ਦੀ ਚੌਥੀ ਲਿਸਟ ''ਚ 7 ਉਮੀਦਵਾਰਾਂ ਦੇ ਨਾਂ

04/23/2018 3:34:27 PM

ਬੈਂਗਲੁਰੂ— ਕਰਨਾਟਕ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਮੀਦਵਾਰਾਂ ਦੀ ਇਕ ਹੋਰ ਲਿਸਟ ਜਾਰੀ ਕੀਤੀ ਹੈ। ਇਸ ਚੌਥੀ ਸੂਚੀ 'ਚ 7 ਉਮੀਦਵਾਰਾਂ ਦੇ ਨਾਂ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਪਹਿਲੀ ਸੂਚੀ 'ਚ 72 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਸੀ, ਜਦੋਂ ਕਿ ਪਾਰਟੀ ਦੀ ਦੂਜੀ ਲਿਸਟ 'ਚ 82 ਉਮੀਦਵਾਰਾਂ ਦੇ ਨਾਂ ਸ਼ਾਮਲ ਸਨ। ਤੀਜੀ ਲਿਸਟ 'ਚ 59 ਉਮੀਦਵਾਰਾਂ ਦੇ ਨਾਂ ਸਨ। ਇਸ ਨਵੀਂ ਲਿਸਟ 'ਚ ਭਦਰਾਵਤੀ ਤੋਂ ਜੀ.ਆਰ. ਪ੍ਰਵੀਨ ਪਾਟਿਲ, ਯਸ਼ਵੰਤਪੁਰ ਤੋਂ ਸ਼੍ਰੀ ਜਗੇਸ਼, ਬੀ.ਟੀ.ਐੱਮ. ਲੇਆਊਟ ਤੋਂ ਲਲੇਸ਼ ਰੈੱਡੀ, ਰਾਮਨਗਰਮ ਤੋਂ ਐੱਚ. ਲੀਲਾਵਠੀ, ਕਨਕਪੁਰਾ ਤੋਂ ਨੰਦਿਨੀ ਗੌੜਾ, ਬੈਲੂਰ ਤੋਂ ਐੱਚ.ਕੇ. ਸੁਰੇਸ਼ ਅਤੇ ਹਾਸਨ ਪ੍ਰੀਤਮ ਗੌੜਾ ਨੂੰ ਟਿਕਟ ਮਿਲਿਆ ਹੈ। ਇਸ ਲਿਸਟ ਨੂੰ ਮਿਲਾ ਕੇ ਭਾਜਪਾ ਹੁਣ ਤੱਕ ਕੁੱਲ 220 ਸੀਟਾਂ 'ਤੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਚੁਕੀ ਹੈ।

ਕਰਨਾਟਕ 'ਚ ਵਿਧਾਨ ਸਭਾ ਦੀ 224 ਸੀਟਾਂ 'ਤੇ ਇਕ ਪੜਾਅ 'ਚ 12 ਮਈ ਨੂੰ ਵੋਟਿੰਗ ਹੋਵੇਗੀ। ਉੱਥੇ ਹੀ ਵੋਟਾਂ ਦੀ ਗਿਣਤੀ 15 ਮਈ ਨੂੰ ਕੀਤੀ ਜਾਵੇਗੀ। ਮੌਜੂਦਾ 'ਚ ਸੱਤਾਧਾਰੀ ਕਾਂਗਰਸ ਕੋਲ 122 ਸੀਟਾਂ ਹਨ, ਜਦੋਂ ਕਿ ਭਾਜਪਾ ਕੋਲ 43 ਅਤੇ ਜੇ.ਡੀ.ਐੱਸ. ਕੋਲ 37 ਸੀਟਾਂ ਹਨ। ਇਸ ਦੌਰਾਨ ਕਰਨਾਟਕ ਭਾਜਪਾ ਦੇ ਮੁੱਖੀ ਬੀ.ਐੱਸ. ਯੇਦੀਯੁਰੱਪਾ ਨੇ ਕਿਹਾ ਹੈ ਕਿ ਜੇਕਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਉਨ੍ਹਾਂ ਨੂੰ ਕਹਿਣ ਤਾਂ ਉਹ ਬਾਦਾਮੀ ਤੋਂ ਮੁੱਖ ਮੰਤਰੀ ਸਿੱਧਰਮਈਆ ਦੇ ਖਿਲਾਫ ਚੋਣਾਂ ਲੜਨ ਲਈ ਤਿਆਰ ਹਨ। ਯੇਦੀਯੁਰੱਪਾ ਨੇ ਚਿਕਮੰਗਲੁਰੂ ਤੋਂ ਪੱਤਰਕਾਰਾਂ ਨੂੰ ਕਿਹਾ,''ਸਾਡੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇਹ ਫੈਸਲਾ ਕਰਨਗੇ ਕਿ ਮੈਨੂੰ ਲੜਨਾ ਚਾਹੀਦਾ ਜਾਂ ਕਿਸੇ ਹੋਰ ਨੂੰ। ਜੇਕਰ ਮੈਨੂੰ ਕਿਹਾ ਗਿਆ ਤਾਂ ਮੈਂ ਤਿਆਰ ਹਾਂ।'' ਸਾਬਕਾ ਮੁੱਖ ਮੰਤਰੀ ਨੇ ਕਿਹਾ,''ਪਰ ਇਹ ਯਕੀਨੀ ਹੈ ਕਿ ਅਸੀਂ ਬਾਦਾਮੀ 'ਚ ਚੰਗਾ ਉਮੀਦਵਾਰ ਉਤਰਾਂਗੇ ਅਤੇ ਸਿੱਧਰਮਈਆ ਨੂੰ ਹਰਾਵਾਂਗੇ। ਭਾਜਪਾ ਨੇ ਇਸ ਬਾਰੇ ਫੈਸਲਾ ਕਰ ਲਿਆ ਹੈ।'' ਸਿੱਧਰਮਈਆ 2 ਸੀਟਾਂ- ਬਗਲਕੋਟ 'ਚ ਬਾਦਾਮੀ ਅਤੇ ਮੈਸੂਰ 'ਚ ਚਾਮੁੰਡੇਸ਼ਵਰੀ ਤੋਂ ਚੋਣਾਂ ਲੜਨਗੇ। ਬਾਦਾਮੀ ਤੋਂ ਸਿੱਧਰਮਈਆ ਦੇ ਖਿਲਾਫ ਭਾਜਪਾ ਸੰਸਦ ਮੈਂਬਰ ਬੀ. ਸ਼੍ਰੀਰਾਮੁਲੂ ਨੂੰ ਉਤਾਰੇ ਜਾਣ ਦੀ ਚਰਚਾ ਹੈ। ਕਰਨਾਟਕ 'ਚ ਇਸ ਵਾਰ ਭਾਜਪਾ ਅਤੇ ਕਾਂਗਰਸ ਦਰਮਿਆਨ ਟੱਕਰ ਹੈ। ਹਾਲਾਂਕਿ ਜਨਤਾ ਦਲ (ਸੈਕਊਲਰ) ਵੀ ਮੁਕਾਬਲੇ ਨੂੰ ਤ੍ਰਿਕੋਣੀ ਰੰਗ ਦੇ ਰਹੀ ਹੈ।


Related News