ਕਰਨਾਟਕ ਸੰਕਟ : ਕਾਂਗਰਸ ਅਤੇ ਜਨਤਾ ਦਲ (ਐੱਸ) ਦੇ 10 ਬਾਗੀ ਵਿਧਾਇਕ ਪੁੱਜੇ ਸੁਪਰੀਮ ਕੋਰਟ

07/10/2019 12:37:18 PM

ਨਵੀਂ ਦਿੱਲੀ— ਕਰਨਾਟਕ 'ਚ ਚੱਲ ਰਿਹਾ ਸਿਆਸੀ ਸੰਕਟ ਬੁੱਧਵਾਰ ਨੂੰ ਉਸ ਸਮੇਂ ਸੁਪਰੀਮ ਕੋਰਟ ਪਹੁੰਚ ਗਿਆ, ਜਦੋਂ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ 10 ਬਾਗੀ ਵਿਧਾਇਕਾਂ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ। ਇਨ੍ਹਾਂ ਵਿਧਾਇਕਾਂ ਨੇ ਪਟੀਸ਼ਨ 'ਚ ਵਿਧਾਨ ਸਭਾ ਸਪੀਕਰ 'ਤੇ ਜਾਣ ਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕਰਨ ਦਾ ਦੋਸ਼ ਲਗਾਇਆ ਹੈ। ਚੀਫ ਜਸਟਿਸ ਰੰਜਨ ਗੋਗੋਈ, ਜੱਜ ਦੀਪਕ ਗੁਪਤਾ ਅਤੇ ਜੱਜ ਅਨਿਰੁਧ ਬੋਸ ਦੀ ਬੈਂਚ ਦੇ ਸਾਹਮਣੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਇਨ੍ਹਾਂ ਵਿਧਾਇਕਾਂ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਜਲਦ ਸੂਚੀਬੱਧ ਕਰਨ ਦੀ ਅਪੀਲ ਕੀਤੀ। ਬੈਂਚ ਨੇ ਮੁਕੁਲ ਰੋਹਤਗੀ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਦੇਖੇਗੀ ਕਿ ਕੀ ਜਲਦ ਸੁਣਵਾਈ ਲਈ ਇਹ ਪਟੀਸ਼ਨ ਕੱਲ ਯਾਨੀ ਵੀਰਵਾਰ ਨੂੰ ਸੂਚੀਬੱਧ ਕੀਤੀ ਜਾ ਸਕਦੀ ਹੈ। ਰੋਹਤਗੀ ਨੇ ਕਿਹਾ ਕਿ ਇਹ ਵਿਧਾਇਕ ਪਹਿਲਾਂ ਹੀ ਵਿਧਾਨ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਚੁਕੇ ਹਨ ਅਤੇ ਹੁਣ ਨਵੇਂ ਸਿਰੇ ਤੋਂ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਪਟੀਸ਼ਨ 'ਤੇ ਬੁੱਧਵਾਰ ਜਾਂ ਵੀਰਵਾਰ ਨੂੰ ਸੁਣਵਾਈ ਕਰਨ ਦੀ ਅਪੀਲ ਕੀਤੀ, ਜਿਸ 'ਚ ਦੋਸ਼ ਲਗਾਇਆ ਹੈ ਕਿ ਵਿਧਾਨ ਸਭਾ ਸਪੀਕਰ ਨੇ ਪੱਖਪਾਤ ਪੂਰਨ ਤਰੀਕੇ ਨਾਲ ਕਾਰਵਾਈ ਕੀਤੀ ਹੈ ਅਤੇ ਜਾਣ ਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕੀਤੇ ਹਨ। ਰਾਜ ਵਿਧਾਨ ਸਭਾ ਦੇ ਸਪੀਕਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ 14 ਬਾਗੀ ਵਿਧਾਇਕਾਂ 'ਚੋਂ 9 ਦੇ ਅਸਤੀਫ਼ੇ ਸਹੀ ਨਹੀਂ ਸਨ। ਕਾਂਗਰਸ ਨੇ ਇਸ਼ ਮਾਮਲੇ 'ਚ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੂੰ ਦਖਲਅੰਦਾਜ਼ੀ ਕਰਨ ਅਤੇ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਅਪੀਲ ਕੀਤੀ ਹੈ।

ਭਾਜਪਾ 'ਤੇ ਲਗਾਇਆ ਸੀ ਪੈਸੇ ਦੇਣ ਦਾ ਦੋਸ਼
ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਇਆ ਹੈ ਕਿ ਉਹ ਉਸ ਦੇ ਮੈਂਬਰਾਂ ਨੂੰ ਪੈਸਿਆਂ ਦਾ ਲਾਲਚ ਦੇ ਰਹੀ ਹੈ। ਹਾਲਾਂਕਿ ਭਾਜਪਾ ਨੇ ਇਸ ਤਰ੍ਹਾਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਰਨਾਟਕ ਵਿਧਾਨ ਸਭਾ ਦੇ 13 ਮੈਂਬਰਾਂ- ਕਾਂਗਰਸ ਦੇ 10 ਅਤੇ ਜਨਤਾ ਦਲ (ਐੱਸ) ਦੇ ਤਿੰਨ ਨੇ 6 ਜੁਲਾਈ ਨੂੰ ਸਦਨ ਦੀ ਮੈਂਬਰਤਾ ਤੋਂ ਅਸਤੀਫਾ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਨੂੰ ਸੌਂਪੇ ਸਨ। ਇਸ ਦੇ ਨਾਲ ਹੀ ਰਾਜ 'ਚ ਕਾਂਗਰਸ-ਜਨਤਾ ਦਲ (ਐੱਸ) ਗਠਜੋੜ ਸਰਾਕਰ ਲਈ ਸਿਆਸੀ ਸੰਕਟ ਪੈਦਾ ਹੋ ਗਿਆ ਸੀ। ਇਸ ਦਰਮਿਆਨ ਕਾਂਗਰਸ ਦੇ ਇਕ ਹੋਰ ਵਿਧਾਇਕ ਆਰ. ਰੋਸ਼ਨ ਬੇਗ ਨੇ ਵੀ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ। ਵਿਧਾਨ ਸਭਾ ਸਪੀਕਰ ਨੇ ਦੱਸਿਆਕਿ ਅਸਤੀਫਾ ਦੇਣ ਵਾਲੇ 14 ਵਿਧਾਇਕਾਂ'ਚੋਂ ਐੱਸ.ਟੀ. ਸੋਮਸ਼ੇਖਰ, ਮੁਨਿਰਤਨ, ਬੀ.ਏ. ਬਸਵਰਾਜ, ਪ੍ਰਤਾਪ ਗੌੜਾ ਪਾਟਿਲ, ਬੀ.ਸੀ. ਪਾਟਿਲ, ਰਮੇਸ਼ ਜਾਰਕਿਹੋਲੀ, ਏ. ਸ਼ਿਵਮਰਾ ਹੱਬਰ, ਮਹੇਸ਼ ਕੁਮਾਤੱਲੀ, ਰਾਮਲਿੰਗ ਰੈੱਡੀ, ਆਨੰਦ ਸਿੰਘ ਅਤੇ ਬੇਗ (ਸਾਰੇ ਕਾਂਗਰਸ) ਅਤੇ ਗੋਪਾਲਈਆ, ਨਾਰਾਇਣ ਗੌੜਾ, ਅਡਗੁਰ ਐੱਚ. ਵਿਸ਼ਵਨਾਥ (ਸਾਰੇ ਜਨਤਾ ਦਲ-ਐੱਸ) ਸ਼ਾਮਲ ਹਨ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਰਨਾਟਕ ਜਲ ਸਰੋਤ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੂੰ ਬੁੱਧਵਾਰ ਨੂੰ ਮੁੰਬਈ 'ਚ ਇਨ੍ਹਾਂ ਬਾਗੀ ਵਿਧਾਇਕਾਂ ਦੇ ਰਿਹਾਇਸ਼ ਵਾਲੇ ਕੰਪਲੈਕਸ 'ਚ ਜਾਣ ਤੋਂ ਰੋਕਿਆ ਗਿਆ। ਪਾਵੇਲ ਦੇ ਆਲੀਸ਼ਾਨ ਹੋਟਲ 'ਚ ਰੁਕੇ 12 'ਚੋਂ 10 ਵਿਧਾਇਕਾਂ ਨੇ ਮੰਗਲਵਾਰ ਦੀ ਰਾਤ ਮੁੰਬਈ ਪੁਲਸ ਨੂੰ ਲਿਖਤੀ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ ਅਤੇ ਉਨ੍ਹਾਂ ਨੇ ਸ਼ਿਵ ਕੁਮਾਰ ਨੂੰ ਹੋਟਲ 'ਚ ਪ੍ਰਵੇਸ਼ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਸੀ।


DIsha

Content Editor

Related News