ਕਰਨਾਟਕ ਨੇ ਜਾਤੀ ਸਰਵੇਖਣ ’ਚੋਂ ਹਟਾਇਆ ਈਸਾਈ ਉਪ-ਜਾਤੀ ਦਾ ਕਾਲਮ
Saturday, Sep 20, 2025 - 11:27 PM (IST)

ਗਡਗ (ਕਰਨਾਟਕ), (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ਨੀਵਾਰ ਨੂੰ ਕਿਹਾ ਕਿ ਜਾਤੀ ਸਰਵੇਖਣ ਵਿਚੋਂ ਈਸਾਈ ਉਪ-ਜਾਤੀਆਂ ਲਈ ਕਾਲਮ ਹਟਾ ਦਿੱਤਾ ਗਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਸਿੱਧਰਮਈਆ ਨੇ ਭਾਜਪਾ ’ਤੇ ਇਸ ਮੁੱਦੇ ਦਾ ‘ਰਾਜਨੀਤੀਕਰਨ’ ਕਰਨ ਦਾ ਦੋਸ਼ ਲਗਾਇਆ। ਈਸਾਈ ਉਪ-ਜਾਤੀ ਸ਼੍ਰੇਣੀ ਬਾਰੇ ਭੰਬਲਭੂਸੇ ’ਤੇ ਟਿੱਪਣੀ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਇਸਨੂੰ ਹੁਣ ਹਟਾ ਦਿੱਤਾ ਗਿਆ ਹੈ।
ਸਪੱਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਸਨੂੰ ਨਹੀਂ ਹਟਾਇਆ ਹੈ। ਪੱਛੜਾ ਵਰਗ ਕਮਿਸ਼ਨ ਇਕ ਵਿਧਾਨਕ ਸੰਸਥਾ ਹੈ। ਅਸੀਂ ਇਸ ਵਿਚ ਦਖਲ ਨਹੀਂ ਦੇ ਸਕਦੇ। ਅਸੀਂ ਇਸਨੂੰ ਨਿਰਦੇਸ਼ ਨਹੀਂ ਦੇ ਸਕਦੇ। ਅਸੀਂ ਇਸਨੂੰ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਹਨ ਅਤੇ ਇਸਨੂੰ ਉਨ੍ਹਾਂ ਅਨੁਸਾਰ ਕੰਮ ਕਰਨ ਲਈ ਕਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਸਿੱਧਰਮਈਆ ਨੇ ਕਿਹਾ ਕਿ ਰਾਜਪਾਲ ਥਾਵਰ ਚੰਦ ਗਹਿਲੋਤ ਨੇ ਉਨ੍ਹਾਂ ਨੂੰ ਭਾਜਪਾ ਨੇਤਾਵਾਂ ਦੇ ਇਕ ਵਫ਼ਦ ਵੱਲੋਂ ਸੌਂਪਿਆ ਗਿਆ ਪੱਤਰ ਭੇਜ ਦਿੱਤਾ ਹੈ।
ਰਾਜਪਾਲ ਥਾਵਰ ਚੰਦ ਗਹਿਲੋਤ ਨੇ ਮੁੱਖ ਮੰਤਰੀ ਸਿੱਧਰਮਈਆ ਨੂੰ ਆਉਣ ਵਾਲੇ ਜਾਤੀ ਸਰਵੇਖਣ ਵਿਚ ‘ਕੁੰਬਾਰਾ ਈਸਾਈ’ ਅਤੇ ‘ਕੁਰੂਬਾ ਈਸਾਈ’ ਵਰਗੇ ਜਾਤੀ ਨਾਵਾਂ ਵਾਲੀਆਂ ਈਸਾਈ ਪਛਾਣਾਂ ਨੂੰ ਸ਼ਾਮਲ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ‘ਸਮਾਜਿਕ ਅਸ਼ਾਂਤੀ, ਲੰਬੇ ਸਮੇਂ ਦੀਆਂ ਪੇਚੀਦਗੀਆਂ ਅਤੇ ਨਾ ਪੂਰਾ ਹੋਣ ਵਾਲਾ ਨੁਕਸਾਨ’ ਹੋ ਸਕਦਾ ਹੈ।