ਬਿਨਾਂ ਐੱਲ. ਐੱਲ. ਬੀ. ਦੀ ਡਿਗਰੀ ਬਣਿਆ ਜੱਜ; ਅਦਾਲਤ ਨੇ ਅਹੁਦੇ ’ਤੋਂ ਹਟਾਇਆ
Tuesday, Feb 24, 2026 - 11:54 PM (IST)
ਇਸਲਾਮਾਬਾਦ- ਪਾਕਿਸਤਾਨ ਦੀ ਨਿਆਂਪਾਲਿਕਾ ਵਿਚ ਇਕ ਵੱਡੇ ਫ਼ਰਜ਼ੀਵਾੜੇ ਦਾ ਪਰਦਾਫਾਸ਼ ਹੋਇਆ ਹੈ। ਬਿਨਾਂ ਐੱਲ. ਐੱਲ. ਬੀ. ਦੀ ਡਿਗਰੀ ਵਾਲੇ ਇਕ ਵਿਅਕਤੀ ਨੇ ਪੰਜ ਸਾਲ ਤੱਕ ਇਸਲਾਮਾਬਾਦ ਹਾਈ ਕੋਰਟ ਵਿਚ ਜੱਜ ਵਜੋਂ ਸੇਵਾ ਨਿਭਾਈ। ਹਾਲਾਂਕਿ, ਇਹ 30 ਸਾਲ ਪੁਰਾਣਾ ਰਾਜ਼ ਉਦੋਂ ਉਜਾਗਰ ਹੋਇਆ ਜਦੋਂ ਕਰਾਚੀ ਯੂਨੀਵਰਸਿਟੀ ਦੇ ਰਿਕਾਰਡ ਵਿਚ ਦੋ ਵੱਖ-ਵੱਖ ਦਾਖਲਾ ਨੰਬਰ ਅਤੇ ਜਾਅਲੀ ਦਾਖਲੇ ਪਾਏ ਗਏ। ਅਦਾਲਤ ਨੇ ਹੁਣ ਉਸ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਹੈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅੱਜ ਇਸਲਾਮਾਬਾਦ ਹਾਈ ਕੋਰਟ ਨੇ ਇਕ ਇਤਿਹਾਸਕ ਫੈਸਲਾ ਸੁਣਾਇਆ, ਜਿਸ ਵਿਚ ਆਪਣੇ ਹੀ ਇਕ ਜੱਜ, ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅਦਾਲਤ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਸ ਦੀ ਨਿਯੁਕਤੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ ਕਿਉਂਕਿ ਉਸ ਦੇ ਕੋਲ ਇਕ ਜਾਇਜ਼ ਕਾਨੂੰਨ ਦੀ ਡਿਗਰੀ ਨਹੀਂ ਸੀ। ਇਹ ਫੈਸਲਾ ਚੀਫ ਜਸਟਿਸ ਸਰਦਾਰ ਮੁਹੰਮਦ ਸਰਫਰਾਜ਼ ਡੋਗਰ ਅਤੇ ਜਸਟਿਸ ਮੁਹੰਮਦ ਆਜ਼ਮ ਖਾਨ ਦੀ ਬੈਂਚ ਦੁਆਰਾ ਦਿੱਤਾ ਗਿਆ।
